ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਬਹੁ-ਪੱਧਰੀ ਕਾਰਵਾਈ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ, ਸਰਹੱਦ ਪਾਰ ਦੇ ਸੰਗਠਿਤ ਡਰੱਗ ਕਾਰਟੈਲਾਂ ਦੇ ਤਿੰਨ ਕਾਰਕੁਨਾਂ ਨੂੰ, 4.083 ਕਿਲੋਗ੍ਰਾਮ ਮੈਥਾਮਫੇਟਾਮਾਈਨ (ਆਈਸੀਈ), ਅਤੇ 1.032 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇਨ੍ਹਾਂ ਗਿਰੋਹਾਂ ਨੂੰ ਬੇਅਸਰ ਕਰ ਦਿੱਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਬਿੰਦਰ (25) ਵਾਸੀ ਪਿੰਡ ਦਾਓਕੇ (ਅੰਮ੍ਰਿਤਸਰ), ਨਵਤੇਜ ਸਿੰਘ (33) ਵਾਸੀ ਪਿੰਡ ਮਾਹਵਾ (ਅੰਮ੍ਰਿਤਸਰ) ਜੋ ਮੌਜੂਦਾ ਸਮੇਂ ਤਰਨਤਾਰਨ ਦੇ ਪਿੰਡ ਵਿਖੇ ਰਹਿ ਰਿਹਾ ਹੈ ਅਤੇ ਮਹਾਂਬੀਰ ਸਿੰਘ (32) ਵਾਸੀ ਪਿੰਡ ਕਾਲੀਆ ਸਕਾਤਰਾਂ (ਤਰਨਤਾਰਨ) ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਦੋਸ਼ੀਆਂ ਤੋਂ 2500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਅਤੇ ਉਨ੍ਹਾਂ ਦੀ ਇੱਕ ਕਾਰ ਅਤੇ ਐਕਟਿਵਾ ਸਕੂਟਰ ਵੀ ਜ਼ਬਤ ਕੀਤਾ ਹੈ।







