ਚੰਡੀਗੜ੍ਹ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਵਿਚ ਮਾਣ ਭੱਤਾ ਨਾ ਮਿਲਿਆ ਤਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ 8 ਜਨਵਰੀ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੌਰਾਨ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ।
ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਧਰਨੇ ਦੇ ਸਬੰਧ ‘ਚ ਜਥੇਬੰਦੀ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਨੋਟਿਸ ਭੇਜ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਵਾਰ ਵਾਰ ਸੰਬੰਧਿਤ ਵਿਭਾਗ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਮਾਣ ਭੱਤਾ ਨਹੀਂ ਮਿਲ ਰਿਹਾ ਤੇ ਵਰਕਰਾਂ ਤੇ ਹੈਲਪਰਾਂ ਵਿਚ ਭਾਰੀ ਨਿਰਾਸ਼ਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇਂ 4 ਮਹੀਨਿਆਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਸੈਂਟਰ ਫੰਡ ਨਹੀਂ ਮਿਲਿਆ। ਐਨਜੀਓ ਅਧੀਨ ਚੱਲ ਰਹੇ 8 ਬਲਾਕਾਂ ਨੂੰ ਤਾਂ ਪਿਛਲੇਂ 7 ਮਹੀਨਿਆਂ ਦਾ ਸੈਂਟਰ ਫੰਡ ਨਹੀਂ ਮਿਲਿਆ ਤੇ 3 ਮਹੀਨਿਆਂ ਦਾ ਸਟੇਟ ਫੰਡ ਨਹੀਂ ਮਿਲਿਆ।
ਸੂਬਾ ਪ੍ਰਧਾਨ ਨੇ ਕਿਹਾ ਕਿ ਮਹਿਕਮੇ ਵੱਲੋਂ ਪਿਛਲੇਂ ਦੋ ਮਹੀਨਿਆਂ ਤੋਂ ਇਹੀ ਲਾਰੇ ਲਗਾਏ ਜਾ ਰਹੇ ਹਨ ਕਿ ਕਿ ਇਸ ਹਫਤੇ ਮਾਣ ਭੱਤਾ ਮਿਲ ਜਾਵੇਗਾ। ਪਰ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਲੋਹੜੀਆਂ ਦੀਵਾਲੀਆਂ ਬਿਨਾਂ ਤਨਖਾਹਾਂ ਤੋਂ ਹੀ ਲੰਘ ਗਈਆਂ। ਮਾਣ ਭੱਤਾ ਨਾ ਮਿਲਣ ਕਰਕੇ ਅਨੇਕਾਂ ਵਰਕਰਾਂ ਤੇ ਹੈਲਪਰਾਂ ਟੈਨਸ਼ਨ ਵਿਚ ਹਨ ਤੇ ਇਕ ਦੋਵਾਂ ਦੀ ਮੌਤ ਵੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਵੀ ਸਰਕਾਰ ਨਹੀਂ ਦੇ ਰਹੀ ਤੇ ਵਰਕਰਾਂ ਆਪਣੇ ਪੱਲਿਉਂ ਪੈਸੇ ਭਰ ਰਹੀਆਂ ਹਨ। ਸਤੰਬਰ 2022 ਦਾ ਸਾਰਾ ਮਹੀਨਾ ਪੋਸ਼ਣ ਮਾਹ ਵਿਚ ਲੰਘਿਆ ਤੇ ਵਰਕਰਾਂ ਨੇ ਪੱਲਿਉਂ ਪੈਸੇ ਲਗਾਏ। ਹਰ ਮਹੀਨੇ ਗੋਦ ਭਰਾਈ, ਅੰਨਪਰਾਸ਼ਨ ਦਿਵਸ ਤੇ ਹੋਰ ਸਮਾਗਮਾਂ ਦੇ ਖਰਚੇ ਵੀ ਵਰਕਰਾਂ ਨੇ ਹੀ ਕੀਤੇ ਹਨ। ਸੈਂਟਰਾਂ ਦੇ ਲਾਭਪਾਤਰੀਆਂ ਲਈ ਰਾਸ਼ਨ ਵੀ ਵਰਕਰਾਂ ਨੂੰ ਆਪਣੇ ਪੱਲਿਉਂ ਪੈਸੇ ਭਰ ਕੇ ਲਿਆਉਣਾ ਪੈਂਦਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਤੇ ਵਰਕਰਾਂ ਤੇ ਹੈਲਪਰਾਂ ਪੈਸੇ ਪੈਸੇ ਦੀਆਂ ਮੁਥਾਜ ਹੋ ਚੁੱਕੀਆਂ ਹਨ।
ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਕੋਲ ਸੰਘਰਸ਼ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਿਹਾ। ਜਿਸ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਦੋ ਦਿਨਾਂ ਵਿਚ ਵਰਕਰਾਂ ਤੇ ਹੈਲਪਰਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਨਾ ਪਾਏ ਗਏ ਤਾਂ 8 ਜਨਵਰੀ ਨੂੰ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h