ਚੰਡੀਗੜ੍ਹ: ਭਾਜਪਾ ਨੇਤਾ ਅਨਿਲ ਵਿਜ, ਜਿਨ੍ਹਾਂ ਕੋਲ ਹਰਿਆਣਾ ਸਰਕਾਰ ਵਿੱਚ ਕਈ ਮਹੱਤਵਪੂਰਨ ਵਿਭਾਗ ਹਨ, ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਪ੍ਰੋਫਾਈਲ ਤੋਂ “ਮੰਤਰੀ” ਸ਼ਬਦ ਹਟਾ ਦਿੱਤਾ ਹੈ। ਆਪਣੇ ਨਾਮ ਦੇ ਮੁਹਰੋਂ ਮੰਤਰੀ ਸ਼ਬਦ ਹਟਾਉਣ ਤੋਂ ਬਾਅਦ ਉਹਨਾਂ ਨੇ ਇਸਦੀ ਵਜ੍ਹਾ ਦੱਸੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਸਿਰਲੇਖ ਜਾਂ ਟੈਗ ਦੀ ਬਜਾਏ ਆਪਣੇ ਨਾਮ “ਅਨਿਲ ਵਿਜ” ਦੇ ਅਧਾਰ ‘ਤੇ ਆਪਣੀ ਸੋਸ਼ਲ ਮੀਡੀਆ ਮੌਜੂਦਗੀ ਨੂੰ ਵਧਾਉਣਾ ਚਾਹੁੰਦੇ ਹਨ। 72 ਸਾਲਾ ਅਨਿਲ ਵਿਜ, ਜਿਨ੍ਹਾਂ ਕੋਲ ਹਰਿਆਣਾ ਵਿੱਚ ਊਰਜਾ, ਆਵਾਜਾਈ ਅਤੇ ਕਿਰਤ ਵਰਗੇ ਮਹੱਤਵਪੂਰਨ ਵਿਭਾਗ ਹਨ, ਦੇ ਐਕਸ ‘ਤੇ 884,000 ਤੋਂ ਵੱਧ ਫਾਲੋਅਰ ਹਨ। ਬੀਤੀ ਕੱਲ੍ਹ ਉਨ੍ਹਾਂ ਨੇ ਆਪਣੇ ਬਾਇਓ “ਅਨਿਲ ਵਿਜ, ਮੰਤਰੀ, ਹਰਿਆਣਾ, ਭਾਰਤ” ਤੋਂ ਬਦਲ ਕੇ “ਅਨਿਲ ਵਿਜ, ਅੰਬਾਲਾ ਕੈਂਟ, ਹਰਿਆਣਾ, ਭਾਰਤ” ਕਰ ਦਿੱਤਾ ਹੈ।
ਅਨਿਲ ਵਿਜ ਨੇ ਕਿਹਾ, “ਮੈਂ ਅਨਿਲ ਵਿਜ ਨਾਮ ਦੀ ਵਰਤੋਂ ਕਰਕੇ ਆਪਣੀ ਸੋਸ਼ਲ ਮੀਡੀਆ ਪਹੁੰਚ ਨੂੰ ਵਧਾਉਣਾ ਚਾਹੁੰਦਾ ਹਾਂ, ਮੰਤਰੀ ਵਜੋਂ ਨਹੀਂ। ਮੈਂ ਮੰਤਰੀ ਹੋਣ ਤੋਂ ਪਹਿਲਾਂ ਆਪਣੀ ਸੋਸ਼ਲ ਮੀਡੀਆ ਮੌਜੂਦਗੀ ਸਥਾਪਿਤ ਕੀਤੀ ਸੀ। ਤੁਸੀਂ ਮੇਰੇ ਫੇਸਬੁੱਕ ਪੇਜ ‘ਤੇ ‘ਮੰਤਰੀ’ ਸ਼ਬਦ ਵੀ ਨਹੀਂ ਦੇਖੋਗੇ। ਲੋਕ ਮੈਨੂੰ ਅਨਿਲ ਵਿਜ ਵਜੋਂ ਜਾਣਦੇ ਹਨ। ਮੇਰੀਆਂ ਪੋਸਟਾਂ ਅਤੇ ਪਹੁੰਚ ਮੇਰੇ ਨਾਮ ‘ਤੇ ਅਧਾਰਤ ਹੋਣੀਆਂ ਚਾਹੀਦੀਆਂ ਹਨ, ਇਸ ਤੱਥ ‘ਤੇ ਨਹੀਂ ਕਿ ਮੈਂ ਇੱਕ ਮੰਤਰੀ ਹਾਂ।”