ਸੰਗਰੂਰ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) (Bharti Kisan Union) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਲਗਾਤਾਰ ਧਰਨਾ ਜਾਰੀ ਹੈ। ਸੀਐਮ ਮਾਨ ਦੇ ਘਰ (CM Mann’s house) ਬਾਹਰ ਪੱਕਾ ਕਿਸਾਨ ਮੋਰਚੇ (Pakka Kisan Morcha) ਦੇ 13ਵੇਂ ਦਿਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪਿੰਡ ਅਕੋਈ ਸਾਹਿਬ ਦੇ ਵਸਨੀਕ ਕਰਨੈਲ ਸਿੰਘ ਵਜੋਂ ਹੋਈ। ਦੱਸ ਦਈਏ ਕਿ ਇਹ ਕਿਸਾਨ (Farmer Died) ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਸ਼ਹੀਦ ਹੋ ਗਿਆ।
ਕਿਸਾਨ ਦੇ ਸ਼ਹੀਦ ਹੋਣ ਕਰਕੇ ਸਟੇਜ ਦੀ ਸ਼ੁਰੂਆਤ ਪੂਰੇ ਪੰਡਾਲ ਵੱਲੋਂ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਇਸ ਮੌਤ ਲਈ ਵੀ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਵੱਲੋਂ ਮੰਗਾਂ ਲਾਗੂ ਕਰਨ ਪ੍ਰਤੀ ਲਗਾਤਾਰ ਚੁੱਪ ਵੱਟ ਕੇ ਧਰਨਾਕਾਰੀਆਂ ਅੰਦਰ ਅੰਤਾਂ ਦਾ ਰੋਹ ਪੈਦਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਮੰਗ ਪੱਤਰ ਸਮੇਤ ਛੇ ਦਿਨ ਪਹਿਲਾਂ ਸ਼ਹੀਦ ਹੋਏ ਕਿਸਾਨ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਸਬੰਧੀ ਚੁੱਪ ਧਾਰੀ ਹੋਈ ਹੈ। ਮੰਗ ਪੱਤਰ ਵਿੱਚ ਕਿਸਾਨਾਂ ਨੇ ਪੰਜਾਬ ਦੇ ਹਿੱਸੇ ਵਿੱਚ ਆਉਂਦੇ ਦਰਿਆਵਾਂ ਦੇ ਪਾਣੀ ਦੀ ਵਰਤੋਂ ਲਈ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਦੇਣ ਦੀ ਮੰਗ ਕੀਤੀ। ਇਸ ਦੀ ਮਾਮੂਲੀ ਵਰਤੋਂ ਸਬੰਧੀ 27 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਕਿਸਾਨਾਂ ਨੇ ਫਿਰੋਜ਼ਪੁਰ ਦੇ ਜੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਸਮੂਹ ਨਾਲ ਹੋਏ ਸਮਝੌਤੇ ਅਨੁਸਾਰ ਇਸ ਫੈਕਟਰੀ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਕਿਸਾਨਾਂ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਸਬੰਧੀ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਵਿਸ਼ਵ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ।
‘ਹੱਕ ਮਿਲਣ ‘ਤੇ ਹੀ ਵਾਪਸੀ ਹੋਵੇਗੀ’
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਹੱਕ ਲੈਣ ਤੋਂ ਬਾਅਦ ਹੀ ਵਾਪਸ ਪਰਤਣਗੇ। ਕਿਸਾਨਾਂ ਨੇ ਕਿਹਾ ਕਿ ਉਹ ਪੱਕੇ ਮੋਰਚੇ ਨਾਲ ਬੈਠੇ ਹਨ ਪਰ ਇਹ ਸੰਘਰਸ਼ ਕਦੋਂ ਤੱਕ ਜਾਰੀ ਰਹੇਗਾ, ਇਸ ਬਾਰੇ ਸਰਕਾਰ ਨੂੰ ਸੋਚਣਾ ਪਵੇਗਾ। ਇਸ ਧਰਨੇ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਭਾਗ ਲੈ ਰਹੇ ਹਨ। ਇਨ੍ਹਾਂ ਵਿੱਚ ਮਜ਼ਦੂਰ, ਨੌਜਵਾਨ ਤੋਂ ਇਲਾਵਾ ਔਰਤਾਂ ਵੀ ਸ਼ਾਮਲ ਹਨ।