Bus Fire in Pakistan: ਹੜ੍ਹਾਂ ਦੀ ਮਾਰ ਝੱਲ ਰਹੇ ਪਾਕਿਸਤਾਨ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ। ਪਾਕਿਸਤਾਨ ਦੇ ਸਿੰਧ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਬੱਸ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਬੱਸ ‘ਚ ਸਵਾਰ 17 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਕਰਾਚੀ ਤੋਂ ਕਰੀਬ 90 ਕਿਲੋਮੀਟਰ ਦੂਰ ਨੂਰੀਆਬਾਦ ਸ਼ਹਿਰ ਦੀ ਹੈ। ਪਾਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਨੂਰੀਾਬਾਦ ਨੇੜੇ ਹਾਈਵੇਅ ‘ਤੇ ਖੈਰਪੁਰ ਨਾਥਨ ਸ਼ਾਹ ਖੇਤਰ ਨੂੰ ਜਾ ਰਹੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 17 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ।
ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਇੰਟਰਸਿਟੀ ਬੱਸ 50 ਤੋਂ ਵੱਧ ਹੜ੍ਹ ਪੀੜਤਾਂ ਨੂੰ ਲੈ ਕੇ ਜਾ ਰਹੀ ਸੀ, ਜੋ ਕਰਾਚੀ ਵਿੱਚ ਅਸਥਾਈ ਸ਼ੈਲਟਰਾਂ ਵਿੱਚ ਰਹਿ ਰਹੇ ਸਨ। ਇਹ ਸਾਰੇ ਹੜ੍ਹ ਪ੍ਰਭਾਵਿਤ ਖੈਰਪੁਰ ਨਾਥਨ ਸ਼ਾਹ ਵਿੱਚ ਆਪਣੇ ਘਰਾਂ ਨੂੰ ਪਰਤ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਨੂਰੀਾਬਾਦ ਨੇੜੇ ਐਮ-9 ਮੋਟਰਵੇਅ ‘ਤੇ ਜਮਸ਼ੋਰੋ ਅਤੇ ਹੈਦਰਾਬਾਦ ਨੇੜੇ ਬੱਸ ‘ਚ ਅਚਾਨਕ ਅੱਗ ਲੱਗ ਗਈ। ਫਿਲਹਾਲ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪਾਕਿਸਤਾਨੀ ਪੁਲਿਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸਿੰਧ ਦੇ ਸੰਸਦੀ ਸਿਹਤ ਸਕੱਤਰ ਕਾਸਿਮ ਸੌਮਰੋ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਘੱਟੋ-ਘੱਟ 12 ਪੀੜਤ ਨਾਬਾਲਗ ਸਨ, ਜਿਨ੍ਹਾਂ ਦੀ ਉਮਰ 15 ਸਾਲ ਜਾਂ ਇਸ ਤੋਂ ਘੱਟ ਸੀ। ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਇੱਕੋ ਪਿੰਡ ਖੈਰਪੁਰ ਨਾਥਨ ਸ਼ਾਹ ਦੇ ਰਹਿਣ ਵਾਲੇ ਸਨ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਮਾਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਪੁਲਿਸ-ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਦੇਣ ਦੇ ਹੁਕਮ ਦਿੱਤੇ ਅਤੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੰਨਿਆ ਜਾ ਰਿਹਾ ਹੈ ਕਿ ਹਸਪਤਾਲ ‘ਚ ਅਜੇ ਵੀ ਕਈ ਲੋਕਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।