ਪੰਜਾਬ ਪੁਲਿਸ ਦੇ ਸਿਪਾਹੀ ਕੁਲਦੀਪ ਬਾਜਵਾ ਫਗਵਾੜਾ ਵਿੱਚ ਕਥਿਤ ਲੁਟੇਰਿਆਂ ਵਿਰੁੱਧ ਕਾਰਵਾਈ ਕਰਦਿਆਂ ਸ਼ਹੀਦ ਹੋ ਗਏ ਹਨ।
ਪਰ ਘਰ ਵਿੱਚ ਉਹਨਾਂ ਦੀ ਮਾਂ ਆਪਣੇ ਪੁੱਤਰ ਦੇ ਵਿਆਹ ਲਈ ‘ਕੁੜੀਆਂ ਦੇਖ ਰਹੀ ਸੀ ਅਤੇ ਗਹਿਣੇ ਬਣਵਾ’ ਰਹੀ ਸੀ।
ਕੁਲਦੀਪ ਬਾਜਵਾ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਸਨ ਅਤੇ ਉਹਨਾਂ ਦੀ 2016 ਵਿਚ ਮੌਤ ਹੋ ਚੁੱਕੀ ਹੈ।
ਪੁੱਤਰ ਦਾ ਸਸਕਾਰ ਕਰਨ ਜਾ ਰਹੀ ਰੋਂਦੀ ਕੁਰਲਾਂਦੀ ਮਾਂ ਹਰਜੀਤ ਕੌਰ ਦੁਹਾਈਆਂ ਪਾ ਰਹੀ ਸੀ ਕਿ, “ਮੈਂ ਤਾਂ ਕੁੜੀਆਂ ਲੱਭਦੀ ਫ਼ਿਰਾ, ਮੈਂ ਆਪਣੇ ਬੱਚੇ ਦੀਆਂ ਟੁੰਮਾਂ ਬਣਾ-ਬਣਾ ਕੇ ਰੱਖਦੀ ਫਿਰਾਂ।”
“ਮੈਨੂੰ ਕਹਿੰਦਾ ਕਿ ਮਾਂ ਮੈਂ ਰਾਣੀ ਹਾਰ ਦੇਖ ਕੇ ਆਇਆ ਹਾਂ।”
ਕੁਲਦੀਪ ਸਿੰਘ ਬਾਜਵਾ ਉਰਫ਼ ਕਮਲ ਬਾਜਵਾ ਦੇ ਜੱਦੀ ਪਿੰਡ ਸ਼ਾਹਪੁਰ ਅਮਰਗੜ੍ਹ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਪੁੱਜਦਿਆਂ ਹੀ ਪਿੰਡ ਵਿੱਚ ਮਾਤਮ ਛਾਅ ਗਿਆ।
ਕਿਵੇਂ ਹੋਈ ਸਿਪਾਹੀ ਕੁਲਦੀਪ ਬਾਜਵਾ ਦੀ ਮੌਤ
ਆਈਜੀ ਜਲੰਧਰ ਰੇਂਜ ਜੀਐਸ ਸੰਧੂ,ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਬਾਜਵਾ ਦੀ ਮੌਤ ਵਾਲੀ ਘਟਨਾ ਦਾ ਵੇਰਵਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਫਗਵਾੜਾ ਨੂੰ ਐਤਵਾਰ ਦੇਰ ਸ਼ਾਮ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਕਾਰ ਨੂੰ ਗੋਰਾਇਆ ਵੱਲ ਜਾਂਦੇ ਹੋਏ ਵੇਖਿਆ ਗਿਆ,ਜਿਸ ਉੱਤੇ ਐਸਐਚਓ ਅਮਨਦੀਪ ਨਾਹਰ ਅਤੇ ਦੋ ਪੁਲਿਸ ਜਵਾਨਾਂ ਵਲੋਂ ਕਾਰ ਦਾ ਪਿੱਛਾ ਕਰਕੇ ਉਸਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਕਾਰ ਸਵਾਰਾਂ ਵਲੋਂ ਤੁਰੰਤ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਗਈ,ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਪੁਲਿਸ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਪਾਹੀ ਕੁਲਦੀਪ ਸਿੰਘ (886/ਕਪੂਰਥਲਾ) ਨੂੰ ਗੋਲੀ ਲੱਗੀ ਅਤੇ ਉਹਨਾਂ ਦੀ ਹਸਪਤਾਲ ਲਿਜਾਦਿਆਂ ਮੌਤ ਹੋ ਗਈ।