ਗੁਰਦਾਸਪੁਰ ਵਿੱਚ ਪੁਲਿਸ ਵੱਲੋਂ ਏਟੀਐਮ ਚੋਰੀ ਦੇ ਮਾਮਲੇ ਵਿੱਚ ਇੱਕ ਫੌਜ ਦੇ ਹੌਲਦਾਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਲਜ਼ਮ ਨੇ ਯੂਟਿਊਬ ਤੋਂ ਏਟੀਐਮ ਤੋੜਨ ਦੀ ਤਕਨੀਕ ਸਿੱਖੀ ਅਤੇ ਇੱਕ ਔਨਲਾਈਨ ਪਲੇਟਫਾਰਮ ਤੋਂ ਉਪਕਰਣ ਮੰਗਵਾਏ।
ਜਾਣਕਾਰੀ ਮੁਤਾਬਿਕ ਇਸ ‘ਤੇ SP ਗੁਰਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮੁਲਜ਼ਮ ਹੌਲਦਾਰ 14 ਜੱਟ ਰੈਜੀਮੈਂਟ ਵਿੱਚ ਤਾਇਨਾਤ ਹੈ। ਇਸਦੇ ਨਾਲ ਹੀ ਉਸਦਾ ਸਾਥੀ ਹੀਰਾ ਮਸੀਹ ਤਿੱਬੜੀ ਛਾਉਣੀ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਗੋਲਡੀ ਸੋਰੀਅਨ ਬਾਂਗੜ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਨੇ ਜਨਵਰੀ ਵਿੱਚ ਦੋ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਸੀ।
6 ਜਨਵਰੀ ਨੂੰ ਡੇਅਰੀ ਵਾਲ ਦਰੋਗਾ ਪਿੰਡ ਵਿੱਚ ਐਸਬੀਆਈ ਏਟੀਐਮ ਅਤੇ 7 ਜਨਵਰੀ ਨੂੰ ਦੀਨਾਨਗਰ ਦੇ ਭਟੋਆ ਪਿੰਡ ਵਿੱਚ ਪੀਐਨਬੀ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ।
ਪੁਲਿਸ ਮੁਤਾਬਿਕ ਮੁਲਜਮਾਂ ਕੋਲੋਂ ਇੱਕ ਗੈਸ ਸਿਲੰਡਰ, ਕਟਰ ਅਤੇ ਇਕ ਬਾਈਕ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਦੋਸ਼ੀਆਂ ਵੱਲੋਂ ਯੂ ਟਿਊਬ ਦੁਆਰਾ ਇਹ ਤਕਨੀਕ ਸਿੱਖੀ ਗਈ ਸੀ ਅਤੇ ਫਿਰ ਇਸ ਵਾਰਦਾਤ ਨੂੰ ਇਲਜਾਮ ਦਿੱਤਾ ਗਿਆ।