ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਉਰੋ ਨੇ ਜ਼ਿਲ੍ਹਾ ਹੁਸਿ਼ਆਰਪੁਰ ‘ਚ ਕੋ-ਆਪ੍ਰੇਟਿਵ ਅਤੇ ਮਾਰਕੀਟਿੰਗ ਸੋਸਾਇਟੀਜ ਦੇ ਸਹਾਇਕ ਰਜਿਸਟਰਾਰ ਦਵਿੰਦਰ ਕੁਮਾਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਦਵਿੰਦਰ ਕੁਮਾਰ ਨੂੰ ਜ਼ਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਬੇਰਛਾ ਦੇ ਤਜਿੰਦਰ ਸਿੰਘ ਦੀ ਸਿ਼ਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਦਵਿੰਦਰ ਕੁਮਾਰ ਅਧੀਨ ਇਸ ਬਲਾਕ ਵਿੱਚ 70 ਕੋ-ਆਪ੍ਰੇਟਿਵ ਸੋਸਾਇਟੀਜ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਜਦੋਂ ਉਹ ਟਾਂਡਾ ਦੀ ਕੋ-ਆਪ੍ਰੇਟਿਵ ਸੋਸਾਇਟੀ ‘ਚ ਬਤੌਰ ਮੈਨੇਜਰ ਤਾਇਨਾਤ ਸੀ ਤਾਂ ਕੋ-ਆਪ੍ਰੇਟਿਵ ਸੋਸਾਇਟੀਜ ਬਲਾਕ ਦਸੂਹਾ ਦੇ ਸਹਾਇਕ ਰਜਿਸਟਰਾਰ ਦਵਿੰਦਰ ਕੁਮਾਰ, ਹੁਣ ਵਾਧੂ ਚਾਰਜ ਡਿਪਟੀ ਰਜਿਸਟਰਾਰ ਕੋ-ਆਪ੍ਰੇਟਿਵ ਸੋਸਾਇਟੀ ਹੁਸ਼ਿਆਰਪੁਰ ਨੇ ਉਸ ਖਿਲਾਫ ਗਬਨ ਦਾ ਇੱਕ ਕੇਸ ਬਣਾਇਆ। ਇਸ ਕੇਸ ਦੇ ਖਿਲਾਫ ਰਜਿਸਟਰਾਰ ਕੋ-ਆਪ੍ਰੇਟਿਵ ਸੋਸਾਇਟੀਜ਼, ਪੰਜਾਬ, ਚੰਡੀਗੜ੍ਹ ਕੋਲ ਦਾਖਲ ਅਪੀਲ ਦੀ ਪੜਤਾਲ ਉਪਰੰਤ ਫੈਸਲਾ ਉਸਦੇ ਹੱਕ ਵਿੱਚ ਹੋਣ ਦੇ ਬਾਵਜੂਦ ਵੀ ਮੁਲਜ਼ਮ ਦਵਿੰਦਰ ਕੁਮਾਰ ਨੇ ਉਸਨੂੰ ਡਿਊਟੀ ਉਪਰ ਜੁਆਇੰਨ ਨਹੀਂ ਕਰਵਾਇਆ ਸਗੋਂ ਉਸਦੇ ਖਿਲਾਫ ਇੱਕ ਹੋਰ ਗਬਨ ਕੇਸ ਦੀ ਰਿਕਵਰੀ ਸਬੰਧੀ ਜਾਂਚ ਖੋਲ੍ਹ ਦਿੱਤੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਦਵਿੰਦਰ ਕੁਮਾਰ ਪਹਿਲਾਂ ਵੀ ਉਸ ਕੋਲੋਂ 5,000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਇਸ ਤਾਜ਼ੇ ਕੇਸ ਦੀ ਜਾਂਚ ਉਸ ਦੇ ਹੱਕ ਵਿੱਚ ਕਰਨ ਬਦਲੇ 50,000 ਰੁਪਏ ਮੰਗ ਰਿਹਾ ਹੈ।
ਵਿਜੀਲੈਂਸ ਨੇ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ਾਂ ਦੀ ਪੜਤਾਲ ਉਪਰੰਤ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮੁਕੱਦਮਾ ਨੰਬਰ 20 ਮਿਤੀ 10-10-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ।