ਨਾਨਕਮੱਤਾ ਸਾਹਿਬ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਵਿੱਚ ਸ਼ਾਰਪ ਸ਼ੂਟਰ ਅਮਰਜੀਤ ਉਰਫ਼ ਬਿੱਟੂ ਪੁਲਿਸ ਅਤੇ ਐਸਟੀਐਫ ਵੱਲੋਂ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਮੁਕਾਬਲਾ ਸੋਮਵਾਰ ਦੇਰ ਰਾਤ ਹਰਿਦੁਆਰ ਵਿੱਚ ਹੋਇਆ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਦੇ ਪੰਜਾਬ ਤੋਂ ਰਾਮਪੁਰ ਵੱਲ ਜਾਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਐਸਟੀਐਫ ਅਤੇ ਹਰਿਦੁਆਰ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਪਰ ਦੋਸ਼ੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਅਮਰਜੀਤ ਨੂੰ ਗੋਲੀ ਲੱਗ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਵਿੱਚ ਹੋਇਆ। ਹਾਲਾਂਕਿ ਇਸ ਦੌਰਾਨ ਅਮਰਜੀਤ ਦਾ ਇੱਕ ਹੋਰ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਟੀਮ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਬਾਬਾ ਤਰਸੇਮ ਸਿੰਘ ਦੀ 28 ਮਾਰਚ ਦੀ ਸਵੇਰ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਹੀ ਪੁਲਿਸ ਕਾਤਲਾਂ ਅਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿੱਚ ਲੱਗੀ ਹੋਈ ਸੀ।
ਚਾਰ ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਇਸ ਤੋਂ ਪਹਿਲਾਂ ਪੁਲੀਸ ਨੇ ਨਾਨਕਮੱਤਾ ਡੇਰਾ ਮੁਖੀ ਕਤਲ ਕਾਂਡ ਦਾ ਪਰਦਾਫਾਸ਼ ਕਰਦਿਆਂ ਚਾਰ ਸਾਜ਼ਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਸੁਪਾਰੀ 10 ਲੱਖ ਰੁਪਏ ਵਿੱਚ ਦਿੱਤੀ ਗਈ ਸੀ। ਕਤਲ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਰਚੀ ਗਈ ਸੀ। ਸਾਜ਼ਿਸ਼ਕਰਤਾਵਾਂ ਨੇ ਕਤਲ ਦੀ ਜ਼ਿੰਮੇਵਾਰੀ ਪੇਸ਼ੇਵਰ ਅਪਰਾਧੀਆਂ ਨੂੰ ਸੌਂਪੀ ਸੀ। ਪਹਿਲੇ ਕਾਤਲ ਸਰਬਜੀਤ ਖ਼ਿਲਾਫ਼ ਵੱਖ-ਵੱਖ ਰਾਜਾਂ ਵਿੱਚ ਕੁੱਲ 13 ਕੇਸ ਦਰਜ ਹਨ। ਜਦੋਂਕਿ ਦੂਜੇ ਕਾਤਲ ਅਮਰਜੀਤ ਉਰਫ਼ ਬਿੱਟੂ ਖ਼ਿਲਾਫ਼ ਪੰਜ ਕੇਸ ਦਰਜ ਹਨ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਸਾਜ਼ਿਸ਼ਕਾਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਸ਼ਾਹਜਹਾਨਪੁਰ ਤੋਂ ਦਿਲਬਾਗ ਸਿੰਘ, ਬਾਬਾ ਤਰਸੇਮ ਸਿੰਘ ਦੇ ਕਰੀਬੀ ਅਮਨਦੀਪ ਸਮੇਤ ਦੋ ਵਿਅਕਤੀ ਸ਼ਾਮਲ ਹਨ।