ਟੋਕੀਓ ਉਲੰਪਿਕ ਖੇਡਾਂ ਦੇ ਤਗਮਾ ਜੇਤੂ ਬਜਰੰਗ ਪੂਨੀਆ ਅਤੇ ਰਵੀ ਦਹੀਆ ਅੱਜ ਇੱਥੇ ਨੈਸ਼ਨਲ ਟੀਮ ਲਈ ਚੋਣ ਟਰਾਇਲ ‘ਚ ਆਪਣੇ ਭਾਰ ਵਰਗ ਦਾ ਮੁਕਾਬਲਾ ਹਾਰਨ ਮਗਰੋਂ ਪੈਰਿਸ ਉਲੰਪਿਕ ਕੁਆਲੀਫਿਕੇਸ਼ਨ ਦੀ ਦੌੜ ‘ਚੋਂ ਬਾਹਰ ਹੋ ਗਏ।ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖਿਲ਼ਾਫ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੂਨੀਆ ਨੂੰ ਪੁਰਸ਼ਾਂ ਦੇ ਫਰੀਸਟਾਈਲ 65 ਕਿਲੋ ਸੈਮੀਫਾਈਨਲ ‘ਚ ਰੋਹਿਤ ਕੁਮਾਰ ਤੋਂ ਹਾਰ ਮਿਲੀ।
ਇਸ ਤੋਂ ਪਹਿਲਾਂ ਉਹ ਰਵਿੰਦਰ (3-3) ਖਿਲਾਫ ਮੁਸ਼ਕਲ ਨਾਲ ਜਿੱਤ ਦਰਜ ਕਰਨ ‘ਚ ਕਾਮਯਾਬ ਹੋਇਆ ਸੀ।ਜੇਕਰ ਰਵਿੰਦਰ ਨੇ ਮੁਕਾਬਲੇ ‘ਚ ਚਿਤਾਵਨੀ ਨਾਲ ਅੰਕ ਨਾਲ ਗੁਆਇਆ ਹੁੰਦਾ ਤਾਂ ਪੂਨੀਆ ਪਹਿਲਾਂ ਹੀ ਮੁਕਾਬਲੇ ‘ਚੋਂ ਬਾਹਰ ਹੋ ਗਿਆ ਹੁੰਦਾ।ਸੈਮੀਫਾਈਨਲ ‘ਚ ਹਾਰਨ ਮਗਰੋਂ ਬਜਰੰਗ ਪੂਨੀਆ ਗੁੱਸੇ ‘ਚ ਤੁਰੰਤ ਭਾਰਤੀ ਖੇਡ ਅਥਾਰਿਟੀ ਕੇਂਦਰ ਤੋਂ ਚਲਾ ਗਿਆ।ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਅਧਿਕਾਰੀਆਂ ਨੇ ਪੂਨੀਆ ਤੋਂ ਡੋਪ ਦੇ ਨਮੂਨੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਲਈ ਵੀ ਨਹੀਂ ਰੁਕਿਆ।
ਪੂਨੀਆ ਨੇ ਟਰਾਇਲ ਦੀ ਤਿਆਰੀ ਲਈ ਰੂਸ ‘ਚ ਟਰੇਨਿੰਗ ਲਈ ਸੀ।ਇਹ ਟਰਾਇਲ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਵਲੋਂ ਕਰਵਾਏ ਜਾ ਰਹੇ ਹਨ।ਹਾਲਾਂਕਿ ਪੂਨੀਆ ਨਾ ਦਿੱਲੀ ਹਾਈ ਕੋਰਟ ‘ਚ ਇਹ ਕਹਿੰਦਿਆਂ ਮੁਕੱਦਮਾ ਜਿੱਤ ਲਿਆ ਸੀ ਕਿ ਮੁਅਤਲ ਡਬਲਿਊਐਫਆਈ ਕੋਲ ਟਰਾਇਲ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ।ਸੁਜੀਤ ਕਲਕਲ ਨੇ ਫਾਈਨਲ ‘ਚ ਰੋਹਿਤ ਨੂੰ ਤਕਨੀਕੀ ਮੁਹਾਰਤ ਨਾਲ ਹਰਾ ਕੇ ਭਾਰਤੀ ਟੀਮ ‘ਚ ਜਗ੍ਹਾ ਬਣਾਈ ਅਤੇ ਹੁਣ ਉਹ ਪੈਰਿਸ ਉਲੰਪਿਕ ਲਈ 65 ਕਿਲੋ ਵਰਗ ਦਾ ਕੋਟਾ ਦਿਵਾਉਣ ਦੀ ਕੋਸ਼ਿਸ਼ ਕਰੇਗਾ।ਸੁਜੀਤ ਨੇ ਹਾਂਗਜੂ ਏਸ਼ਿਆਈ ਖੇਡਾਂ ਲਈ ਪੂਨੀਆ ਨੂੰ ਸਿੱਧਾ ਦਾਖਲਾ ਦੇਣ ਖਿਲਾਫ ਚੁਣੌਤੀ ਦਿੱਤੀ ਸੀ।
ਪਰ ਉਹ ਇਹ ਕਾਨੂੰਨੀ ਮੁਕੱਦਮਾ ਹਾਰ ਗਿਆ ਸੀ।ਰੋਹਿਤ ਹੁਣ ਏਸ਼ਿਆਈ ਚੈਂਪੀਅਨਸ਼ਿਪ ‘ਚ ਭਾਰਤ ਦੀ ਅਗਵਾਈ ਕਰੇਗਾ।ਟਰਾਇਲ ਦੇ ਜੇਤੂਆਂ ਨੂੰ 19 ਤੋਂ 21 ਅਪ੍ਰੈਲ ਤੱਕ ਬਿਸ਼ਕੇਕ ਅਤੇ 9 ਤੋਂ 12 ਮਈ ਤੱਕ ਇਸਤਾਂਬੂਲ ‘ਚ ਹੋਣ ਵਾਲੇ ਏਸ਼ਿਆਈ ਅਤੇ ਵਿਸ਼ਵ ਉਲੰਪਿਕ ਕੁਆਲੀਫਾਇਰ ‘ਚ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ।ਪੁਰਸ਼ 57 ਕਿਲੋ ਹਮੇਸ਼ਾ ਹੀ ਮੁਸ਼ਕਲ ਵਰਗ ਰਿਹਾ ਹੈ, ਜਿਸ ‘ਚ ਟੋਕੀਓ ਉਲੰਪਿਕ ਦੇ ਚਾਂਦੀ ਦਾ ਤਗਮਾ ਜੇਤੂ ਰਵੀ ਦਹੀਆ ਅਤੇ ਅਮਨ ਸੇਹਰਾਵਤ ਦੌੜ ‘ਚ ਹਨ।ਸੱਟੇ ਲੱਗਣ ਮਗਰੋਂ ਵਾਪਸੀ ਕਰ ਰਿਹਾ ਦਹੀਆ ਵੱਡੇ ਸਕੋਰ ਵਾਲੇ ਪਹਿਲੇ ਮੁਕਾਬਲੇ ‘ਚ ਅਮਨ ਤੋਂ 13-14 ਨਾਲ ਹਾਰ ਗਿਆ।ਦਹੀਆ ਅਗਲੇ ਮੁਕਾਬਲੇ ‘ਚ ਅੰਡਰ 20 ਏਸ਼ੀਆਈ ਚੈਂਪੀਅਨ ਉਦਿਤ ਤੋਂ ਹਾਰ ਗਿਆ।