ਭਵਾਨੀਗੜ੍ਹ: ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਦੇ ਨਾਲ ਪਿੰਡ ਭੱਟੀਵਾਲ ਕਲਾਂ ਅਤੇ ਬਾਸੀਅਰਖ ਦਾ ਦੌਰਾ ਕਰਦਿਆਂ ਗੰਦਗੀ ਦਾ ਸਰੋਤ ਬਣ ਰਹੇ ਛੱਪੜਾਂ ਨੂੰ ਥਾਪਰ ਮਾਡਲ ਵਜੋਂ ਵਿਕਸਤ ਕਰਨ ਲਈ ਹੋਏ ਉਪਰਾਲਿਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪੇਂਡੂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਪਿੰਡਾਂ ’ਚ ਛੱਪੜਾਂ ਦੇ ਪਾਣੀ ਨੂੰ ਸੀਚੇਵਾਲ ਸਕੀਮ ਜਾਂ ਥਾਪਰ ਮਾਡਲ ਦੇ ਆਧਾਰ ਉੱਤੇ ਸਾਫ਼ ਪਾਣੀ ਵਿੱਚ ਤਬਦੀਲ ਕਰਕੇ ਸਿੰਚਾਈ ਯੋਗ ਬਣਾਇਆ ਜਾਂਦਾ ਹੈ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਬਹੁ ਗਿਣਤੀ ਪਿੰਡਾਂ ਵਿੱਚ ਇਸ ਮਾਡਲ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਦੀ ਦਿਸ਼ਾ ਵਿੱਚ ਕਦਮ ਪੁੱਟੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਸਫ਼ਲ ਸੀਚੇਵਾਲ ਮਾਡਲ ਦਾ ਜਾਇਜ਼ਾ ਲਿਆ ਗਿਆ ਸੀ ਪਰ ਭਵਾਨੀਗੜ੍ਹ ਦੇ ਇਨ੍ਹਾਂ ਪਿੰਡਾਂ ਵਿੱਚ ਇਸ ਮਾਡਲ ਨੂੰ ਸਫਲਤਾ ਨਾਲ ਲਾਗੂ ਕਰਨ ਵਿੱਚ ਪੇਸ਼ ਆ ਰਹੀਆਂ ਦਿੱਕਤਾਂ ਦਾ ਜਾਇਜ਼ਾ ਲੈਣ ਲਈ ਹੀ ਅੱਜ ਸੰਤ ਸੀਚੇਵਾਲ ਨੂੰ ਉਹ ਇਥੇ ਲੈ ਕੇ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ਤਹਿਤ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਪਿੰਡਾਂ ’ਚ ਛੱਪੜਾਂ ਦੀ ਸਾਫ਼ ਸਫ਼ਾਈ ਵਜੋਂ ਸਿੰਚਾਈ ਯੋਗ ਪਾਣੀ ਦੀ ਉਪਲਬਧਤਾ ਵੀ ਇੱਕ ਚੰਗੀ ਪ੍ਰਾਪਤੀ ਸਾਬਤ ਹੋਵੇਗਾ।
ਇਸ ਮੌਕੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਛੱਪੜਾਂ ਵਿਚ ਗੰਦੇ ਪਾਣੀ ਦੀ ਆਮਦ ਤਾਂ ਹੋ ਰਹੀ ਹੈ ਪਰ ਖੇਤਾਂ ਵਿੱਚ ਸਹੀ ਢੰਗ ਨਾਲ ਨਿਕਾਸੀ ਨਹੀਂ ਹੋ ਰਹੀ ਜਿਸ ਕਾਰਨ ਇਹ ਮਾਡਲ ਦਰੁਸਤ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕਣ ਲਈ ਅਤੇ ਝੋਨੇ ਦੇ ਬਦਲ ਵਜੋਂ ਹੋਰਨਾਂ ਫਸਲਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਨਾਗਰਿਕ ਦੇ ਪੱਧਰ ਉੱਤੇ ਜਾਗਰੂਕਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੀਣ ਲਈ ਸਾਫ਼ ਪਾਣੀ, ਸਾਫ਼ ਸੁਥਰਾ ਭੋਜਨ ਅਤੇ ਸਵੱਛ ਵਾਤਾਵਰਨ ਹਰੇਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਜਿਸ ਵਿਚ ਸਭ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h