ਉਂਟਾਰੀਓ ਦੇ ਸਕੂਲਾਂ `ਚ ਸੈੱਲਫੋਨ ਤੇ ਵੇਪਿੰਗ ਦੀ ਪਾਬੰਦੀ 1 ਸਤੰਬਰ ਤੋਂ ਲਾਗੂ
ਸੈੱਲਫੋਨ ਰਾਹੀਂ ਇੰਟਰਨੈੱਟ, ਚੈਟ ਗੁਰੱਪਾਂ ਅਤੇ ਐੱਪਾਂ ਦੀ ਦੁਰਵਰਤੋਂ ਨਾਲ਼ ਬੱਚਿਆਂ ਦੇ ਮਾਨਸਿਕ, ਅਤੇ ਸਰੀਰਕ ਵਿਕਾਸ ਦੇ ਹੋ ਰਹੇ ਨੁਕਸਾਨ ਅਤੇ ਕਲਾਸਾਂ ਵਿੱਚ ਵਿਗੜ ਰਹੇ ਮਾਹੌਲ ਦੇ ਮੱਦੇਨਜ਼ਰ ਉਂਟਾਰੀਓ ਦੇ ਸਕੂਲਾਂ ਵਿੱਚ ਸੈੱਲਫੋਨ ਵਰਤਣ ਦੀ ਪਾਬੰਦੀ 3 ਸਤੰਬਰ 2024 ਤੋਂ ਲਾਗੂ ਕੀਤੀ ਜਾ ਰਹੀ ਹੈ। ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ `ਚ ਵਾਰਡ 9-10 ਦੇ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਸਕੂਲਾਂ ਅੰਦਰ ਸੈੱਲਫੋਨ ਦੀ ਦੁਰਵਰਤੋਂ ਰੋਕਣ ਲਈ ਬੀਤੇ ਸਾਲ ਤੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਸਨ। ਇਸ ਬਾਰੇ ਸ. ਜੌਹਲ ਵਲੋਂ ਸਕੂਲਾਂ, ਬੋਰਡ ਪੱਧਰ ਅਤੇ ਪ੍ਰਾਂਤਕ ਸਰਕਾਰ ਤੱਕ ਆਪਣੇ ਸੁਝਾਅ ਭੇਜੇ ਜਾ ਰਹੇ ਸਨ। ਡਿਪਟੀ ਚੇਅਰਮੈਨ ਸ. ਜੌਹਲ ਨੇ ਦੱਸਿਆ ਕਿ ਜੋ ਰੋਕਾਂ ਹੁਣ ਉਂਟਾਰੀਓ ਭਰ ਲਾਗੂ ਹੋ ਰਹੀਆਂ ਰਹੀਆਂ ਹਨ ਉਨ੍ਹਾਂ ਵਿੱਚੋਂ ਕਈ ਵਾਰਡ 9 ਅਤੇ 10 ਦੇ ਕਈ ਸਕੂਲਾਂ ਵਿੱਚ ਬੀਤੇ ਸਾਲ ਤੋਂ ਪ੍ਰਭਾਵੀ ਤਰੀਕੇ ਨਾਲ਼ ਲਾਗੂ ਕੀਤੀਆਂ ਹਨ।
ਹੁਣ ਸਕੂਲਾਂ ਵਿੱਚ ਸੈੱਲਫੋਨ ਅਤੇ ਵੇਪਿੰਗ (ਫੇਫੜੇ ਗਾਲਣ ਵਾਲੀਆਂ ਰਸਾਇਣਕ/ਜ਼ਹਿਰੀਲੀਆਂ ਸਿਗਰਟਾਂ) ਦੀ ਨੀਤੀਗਤ ਪਾਬੰਦੀ ਨੂੰ ਲਿਆਂਦਾ ਗਿਆ ਹੈ। ਕਿੰਡ੍ਰਗਾਰਟਨ ਤੋਂ 8ਵੀਂ ਤੱਕ ਦੇ ਬੱਚੇ ਸਕੂਲ `ਚ ਕਿਸੇ ਵੀ ਸਮੇਂ ਸੈੱਲਫੋਨ ਨਹੀਂ ਵਰਤਣਗੇ ਭਾਵ ਜ੍ਹੇਬ/ਬਸਤੇ/ਲਾਕਰ ਵਿੱਚੋਂ ਬਾਹਰ ਨਹੀਂ ਕੱਢ ਸਕਣਗੇ। ਉਲੰਘਣਾ ਕਰਨ `ਤੇ ਉਨ੍ਹਾਂ ਦਾ ਫੋਨ ਜਬਤ ਕੀਤਾ ਜਾ ਸਕੇਗਾ ਅਤੇ ਮਾਪਿਆਂ ਨੂੰ ਸੱਦ ਕੇ ਦਿੱਤਾ ਜਾਵੇਗਾ। 9 ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਚੱਲਦੀ ਕਲਾਸ ਵਿੱਚ ਸੈੱਲਫਨ ਬਾਰੇ ਬਹੁਤ ਸਾਵਧਾਨ ਰਹਿਣਾ ਹੋਵੇਗਾ ਜਿਸ ਦਾ ਭਾਵ ਹੈ ਕਿ ਸੈੱਲਫੋਨ ਬੰਦ ਰੱਖਣਾ ਪਵੇਗਾ ਅਤੇ ਟੀਚਰ ਵਲੋਂ ਸਪੱਸ਼ਟ ਇਜਾਜਤ ਦਿੱਤੇ ਜਾਣ ਤੋਂ ਬਿਨਾ ਹਾਈ ਸਕੂਲ ਦੇ ਬੱਚਿਆਂ ਵਲੋਂ ਆਪਣੇ ਫੋਨ ਵਰਤਣ ਦੀ ਪਾਬੰਦੀ ਲਾਗੂ ਕੀਤੀ ਗਈ ਹੈ।
ਇਸ ਨੀਤੀ ਨੂੰ ਸਕੂਲ ਵਿੱਚ ਲਾਗੂ ਕਰਨ ਲਈ ਹਰੇਕ ਪ੍ਰਿੰਸੀਪਲ ਨੂੰ ਅਖਤਿਆਰ ਦਿੱਤੇ ਗਏ ਹਨ ਜਿਨ੍ਹਾਂ ਵਲੋਂ ਦੋਸ਼ੀ ਬੱਚੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕੇਗੀ ਅਤੇ ਉਸ ਦੇ ਰਿਪੋਰਟ ਕਾਰਡ ਉਪਰ ਸਕੂਲ ਦਾ ਅਨੁਸ਼ਾਸਨ ਭੰਗ ਕਰਨਾ ਦਰਜ ਕੀਤਾ ਜਾਵੇਗਾ। ਇਹ ਵੀ ਕਿ ਇਸ ਬਾਰੇ ਦੋਸ਼ੀ ਬੱਚੇ ਦੇ ਮਾਪਿਆਂ ਨੂੰ ਦੱਸ ਦਿੱਤਾ ਜਾਇਆ ਕਰੇਗਾ। ਜੇਕਰ ਸਕੂਲ ਦੇ ਸਮੇਂ ਦੌਰਾਨ ਮਾਪਿਆਂ ਨੇ ਆਪਣੇ ਬੱਚੇ ਨਾਲ਼ ਸੰਪਰਕ ਕਰਨਾ ਹੋਵੇ ਤਾਂ ਉਹ ਸਕੂਲ ਦੇ ਦਫਤਰ ਨਾਲ਼ ਸੰਪਰਕ ਕਰ ਸਕਦੇ ਹਨ ਤੇ ਬੱਚੇ ਨੂੰ ਸੈੱਲਫੋਨ ਉਪਰ ਫੋਨ ਕਰਨ ਦੀ ਲੋੜ ਨਹੀਂ ਰਹੇਗੀ। ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਸਿੱਖਿਆ ਦਾ ਸਿਸਟਮ ਇਸ ਤਰੀਕੇ ਨਾਲ਼ ਬਣਾਇਆ ਗਿਆ ਹੈ ਕਿ ਬੱਚਿਆਂ ਨੂੰ ਘਰੋਂ ਫੋਨ ਲਿਆਉਣ ਦੀ ਜਰੂਰਤ ਨਹੀਂ ਹੈ। ਜੇਕਰ ਮਾਪੇ ਬੱਚੇ ਨੂੰ ਫੋਨ ਦੇ ਕੇ ਨਾ ਭੇਜਣ ਅਤੇ ਘਰਾਂ ਵਿੱਚ ਸੈੱਲਫੋਨ, ਇੰਟਰਨੈਟ ਕੰਪਿਊਟਰ ਵਰਤੋਂ ਉਪਰ ਨਿਗਰਾਨੀ ਰੱਖਣ ਤਾਂ ਇਹ ਸਮੱਸਿਆ ਆਪਣੇ ਆਪ ਹੱਲ ਹੋ ਸਕਦੀ ਹੈ। ਪਰ ਘਰਾਂ ਤੋਂ ਬੈੱਡਰੂਮਾਂ ਤੱਕ ਆਪ ਅਜਿਹੀ ਪਾਬੰਦੀ ਲਾਗੂ ਨਾ ਕਰਕੇ ਮਾਪਿਆਂ ਵਲੋਂ ਅਕਸਰ ਸਕੂਲਾਂ ਵਿੱਚ ਫੋਨ ਦੀ ਪਾਬੰਦੀ ਦੀ ਮੰਗ ਕੀਤੀ ਜਾ ਰਹੀ ਸੀ। ਸ. ਜੌਹਲ ਨ ਕਿਹਾ ਕਿ ਸਕੂਲ ਤਾਂ ਪਹਿਲਾਂ ਹੀ ਫੋਨ ਘਰੋਂ ਨਾ ਲਿਆਉਣ ਨੂੰ ਆਖ ਰਹੇ ਸਨ। ਅਸਲ ਵਿੱਚ ਮਾਪਿਆਂ ਵਲੋਂ ਪਾਬੰਦੀ/ਮੁਸਤੈਦੀ ਦੀ ਘਰਾਂ ਵਿੱਚ ਜਰੂਰਤ ਹੈ। ਸਕੂਲ ਵਿੱਚ ਇਕਪਾਸੜ ਪਾਬੰਦੀਆਂ ਲਗਵਾ ਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ਼ ਪਨਪਦੀਆਂ ਸਮੱਸਿਆਵਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ।
ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਵੇਪਿੰਗ, ਤੰਬਾਕੂ, ਭੰਗ ਜਹੇ ਨਸ਼ਿਆਂ ਦੀ ਵਰਤੋਂ ਵੀ ਇਕ ਗੰਭੀਰ ਮੁੱਦਾ ਹੈ ਅਤੇ ਹੁਣ ਇਹ ਸਕੂਲਾਂ ਵਿੱਚ ਨਸ਼ੇ ਲਿਜਾਣ ਅਤੇ ਸਕੂਲ ਦੇ ਅੰਦਰ ਅਤੇ ਸਕੂਲ ਇਮਾਰਤ ਤੋਂ ਬਾਹਰ 20 ਮੀਟਰ ਦੇ ਘੇਰੇ ਵਿੱਚ ਨਸ਼ੇ ਵਰਤਣ ਦੀ ਸਖਤ ਪਾਬੰਦੀ ਹੈ। ਘਰੋਂ ਮਿਲ਼ਦੇ ਕੈਸ਼ ਨਾਲ਼ ਬੱਚਿਆਂ ਨੂੰ ਖਰਾਬੀਆਂ ਖਰੀਦਣ ਦਾ ਮੌਕਾ ਮਿਲ਼ ਜਾਂਦਾ ਹੈ ਜਿਸ ਕਰਕੇ ਬੱਚੇ ਨੂੰ ਬਾਹਰੋਂ ਲੰਚ/ਕੌਫੀ ਵਗੈਰਾ ਖਰੀਦਣ ਲਈ ਡਾਲਰ ਦੇਣ ਦੀ ਬਜਾਏ, ਘਰਾਂ ਤੋਂ ਲੰਚ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੱਚੇ ਵਿਰੁੱਧ ਸਮੋਕ-ਫਰੀ ਉਂਟਾਰੀਓ ਐਕਟ ਅਨੁਸਾਰ ਸਖਤ ਕਾਰਵਾਈ ਕੀਤੀ ਜਾਂਦੀ ਹੈ। ਦੋਸ਼ੀ ਬੱਚਿਆਂ ਦੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਅਤੇ ਉਸ ਦੀਆਂ ਵਿਗੜੀਆਂ ਆਦਤਾਂ ਦਾ ਰਿਕਾਰਡ ਸਿਸਟਮ ਵਿੱਚ ਦਰਜ ਰਹਿੰਦਾ ਹੈ। ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਸਕੂਲਾਂ ਦੇ ਸਿਸਟਮ ਨੂੰ ਲੋਕਾਂ ਦੀ ਇੱਛਾ ਦੇ ਅਨੁਸਾਰ ਚਲਾ ਕੇ ਉਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਪਹਿਲ ਦਿੱਤੇ ਜਾਣਾ ਜਾਰੀ ਰੱਖਿਆ ਜਾਵੇਗਾ।