ਚੰਡੀਗੜ੍ਹ : ਬਠਿੰਡਾ ਦੇ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੂੰ ਸੰਸਦ ‘ਚ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸੰਸਦ ‘ਚ ਗਰਜਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਤਾਂ ਛੱਡੋ ਕੇਂਦਰ ਸਰਕਾਰ ਕਿਸਾਨਾਂ ਦੀ ਲਾਗਤ ਦੁੱਗਣੀ ਕਰਨ ਦੀ ਪ੍ਰਧਾਨਗੀ ਕਰ ਰਹੀ ਹੈ ਤੇ ਅਨਾਜ ’ਤੇ ਐੱਮਐੱਸਪੀ ਵਿਚ ਪਿਛਲੇ 8 ਸਾਲਾਂ ਵਿਚ ਦੋ ਤੋਂ ਪੰਜ ਫੀਸਦੀ ਹੀ ਵਾਧਾ ਹੋਇਆ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨ ’ਆਤਮ ਨਿਰਭਰ’ ਹੋਣਾ ਚਾਹੁੰਦੇ ਹਨ ਤੇ ਉਹ ਸਰਕਾਰ ਦੀਆਂ ਸਕੀਮਾਂ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਪਰ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਐੱਮਐੱਸਪੀ ਦੀ ਲੋੜ ਹੈ ਜਿਸ ਮੁਤਾਬਕ ਉਹਨਾਂ ਦੀ ਫਸਲ ’ਤੇ ਆਉਂਦੀ ਲਾਗਤ ’ਤੇ 50 ਫੀਸਦੀ ਮੁਨਾਫਾ ਮਿਲਣਾ ਚਾਹੀਦਾਹੈ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਪਹਿਲਾ ਕਦਮ ਕੇਂਦਰ ਸਰਕਾਰ ਵੱਲੋਂ ਇਕ ਸਾਲ ਪਹਿਲਾਂ ਕਿਸਾਨਾਂ ਵੱਲੋਂ ਅੰਦੋਲਨ ਖ਼ਤਮ ਕਰਨ ਮੌਕੇ ਕੀਤਾ ਗਿਆ ਲਿਖਤੀ ਵਾਅਦਾ ਪੂਰਾ ਕਰਨਾ ਹੈ।
ਇਨਾਂ ਹੀ ਨਹੀਂ ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਐੱਮਐੱਸਪੀ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਲਿਖਤੀ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕੀ। ਤੱਥ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਡੀਜ਼ਲ ਦੀ ਕੀਮਤ ਪਿਛਲੇ 8 ਸਾਲਾਂ ਵਿਚ ਦੁੱਗਣੀ ਹੋ ਗਈ ਹੈ ਤੇ ਯੂਰੀਆ ਵਰਗੀ ਖਾਦ ਦੀ ਕੀਮਤ 175 ਰੁਪਏ ਪ੍ਰਤੀ 50 ਕਿਲੋਗ੍ਰਾਮ ਤੋਂ ਵੱਧ ਕੇ 45 ਕਿਲੋਗ੍ਰਾਮ ਪ੍ਰਤੀ ਥੈਲਾ 270 ਰੁਪਏ ਹੋ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਡੀਏਪੀ ਦੀ ਕੀਮਤ 1125 ਰੁਪਏ ਪ੍ਰਤੀ ਥੈਲਾ ਤੋਂ ਵੱਧ ਕੇ 1350 ਰੁਪਏ ਪ੍ਰਤੀ ਥੈਲਾ ਹੋ ਗਈ ਹੈ। ਉਹਨਾਂ ਦੱਸਿਆ ਕਿ ਕਿਵੇਂ ਨਦੀਨਨਾਸ਼ਕਾਂ ਤੇ ਕੀਟਨਾਸ਼ਕਾਂ ’ਤੇ 18 ਅਤੇ 12 ਫੀਸਦੀ ਜੀਐੱਸਟੀ ਲੱਗ ਰਿਹਾ ਹੈ ਤੇ ਟਰੈਕਟਰਾਂ ’ਤੇ 28 ਫੀਸਦੀ ਜੀਐੱਸਟੀ ਲੱਗ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਨਾਲ ਵਿਤਕਰਾ ਹੋ ਰਿਹਾਹੈ। ਉਨ੍ਹਾਂ ਕਿਹਾ ਕਿ ਸੂਬੇ ਤੋਂ ਰਾਈਪੇਰੀਅਨ ਸਿਧਾਂਤ ਦਰਕਿਨਾਰ ਕਰ ਕੇ ਇਸਦੇ ਦਰਿਆਈ ਪਾਣੀ ਖੋਹਣ ਦਾ ਯਤਨ ਹੋ ਰਿਹਾਹੈ ਜਦੋਂ ਕਿ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸਦੇ ਦਰਿਆਈ ਪਾਣੀਆਂ ’ਤੇ ਸਿਰਫ ਇਸਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸਦੀ ਸੂਬਾਈ ਰਾਜਧਾਨੀ ਚੰਡੀਗੜ੍ਹ ਨੁੰ ਇਸ ਤੋਂ ਖੋਹਣ ਲਈ ਅਤੇ ਇਸ ’ਤੇ ਇਸਦੇ ਹੱਕ ਨੂੰ ਕਮਜ਼ੋਰ ਕਰਨਵਾਸਤੇ ਲਗਾਤਾਰ ਸਾਜ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾਹੈ ਕਿ ਜਦੋਂ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਅਧਿਕਾਰ ਨੂੰ 1970 ਮੁਤਾਬਕ ਮੁੜ ਦੁਹਰਾਇਆ ਹੈ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਸੰਸਦ ਨੇ ਮਨਜ਼ੂਰੀ ਦਿੱਤੀ ਹੈ। ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਵੇਲੇ ਪੰਜਾਬ ਨਾਲ ਵਿਤਕਰਾ ਹੋਇਆ ਤੇ ਹੁਣ ਮੌਜੂਦਾ ਸਰਕਾਰ ਵੇਲੇ ਵੀ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ। ਉਹਨਾਂ ਨੇ ਆਪਣੀਆਂ ਉਮਰ ਕੈਦਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਵਾਸਤੇ ਵੀ ਪੁਰਜ਼ੋਰ ਅਪੀਲ ਕੀਤੀ।
ਹਰਸਿਮਰਤ ਕੌਰ ਬਾਦਲ ਨੇ ਚੁੱਕੀ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ
ਉਨ੍ਹਾਂ ਕਿਹਾ ਕਿ ਇਹ ਬਹੁਤਹੀ ਮੰਦਭਾਗੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਸਜ਼ਾ ਮੁਆਫੀ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਲਈ ਲਿਖਤੀ ਹੁਕਮ ਜਾਰੀ ਕੀਤੇ ਗਏ ਪਰ ਉਹ ਅੱਜ ਵੀ ਲਾਗੂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਬਿਲਕਿਸ ਬਾਨੋ ਦੇ ਜਬਰ ਜਨਾਹ ਦੇ ਦੋਸ਼ੀ ਰਿਹਾਅ ਕਰ ਦਿੱਤੇਗਏ ਜਿਸ ਨਾਲ ਸਿੱਖਕੌਮ ਵਿਚ ਗਲਤ ਸੰਦੇਸ਼ ਗਿਆ ਹੈ।
ਨਿਰਮਲਾ ਸੀਤਾਰਮਨ ਨੂੰ ਹਰਸਿਮਰਤ ਕੌਰ ਬਾਦਲ ਨੇ ਕੀਤੀ ਇਹ ਅਪੀਲ
ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਪੀਲ ਕੀਤੀ ਕਿ ਸਰਕਾਰੀ ਇਸ਼ਤਿਹਾਰਾਂ ’ਤੇ ਜੀਐਸਟੀ ਵਿਚ ਵਾਧਾ ਕੀਤਾ ਜਾਵੇ ਅਤੇ ਦੱਸਿਆ ਕਿ ਕਿਵੇਂ ਪੰਜਾਬ ਵਿਚ ਆਪ ਸਰਕਾਰ ਨੇ ਇਸ਼ਤਿਹਾਰਬਾਜ਼ੀ ’ਤੇ ਖਰਚ 20 ਕਰੋੜ ਰੁਪਏ ਪ੍ਰਤੀ ਸਾਲ ਤੋਂ ਵਧਾ ਕੇ 750 ਕਰੋੜ ਰੁਪਏ ਸਾਲਾਨਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿਚੋਂ ਬਹੁਤਾ ਹਿੱਸਾ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਲੜਨ ’ਤੇ ਖਰਚ ਕੀਤਾ ਗਿਆ ਹੈਤੇ ਉਹਨਾਂ ਮੰਗ ਕੀਤੀ ਕਿ ਜਨਤਕ ਪੈਸੇ ਦੀ ਅਜਿਹੀ ਦੁਰਵਰਤੋਂ ਬੰਦ ਹੋਵੇ।
ਇਹ ਵੀ ਪੜ੍ਹੋ:
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h