ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ICC ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਆਈਸੀਸੀ ਵਨਡੇ ਰੈਂਕਿੰਗ ਵਿੱਚ ਉਸਦਾ ਲੰਮਾ ਰਾਜ ਹੁਣ ਖਤਮ ਹੋ ਗਿਆ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿੱਚ, ਭਾਰਤੀ ਟੀਮ ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਹਿਲੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਗਿੱਲ ਵਨਡੇ ਵਿੱਚ ਨੰਬਰ ਇੱਕ ਰੈਂਕਿੰਗ ਹਾਸਲ ਕਰਨ ਵਾਲਾ ਸਿਰਫ਼ ਚੌਥਾ ਭਾਰਤੀ ਹੈ।
ਸ਼ੁਭਮਨ ਗਿੱਲ ਬੁੱਧਵਾਰ (19 ਫਰਵਰੀ) ਨੂੰ ਪਾਕਿਸਤਾਨੀ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੇ ਨਵੇਂ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ। ਭਾਰਤੀ ਸਲਾਮੀ ਬੱਲੇਬਾਜ਼ ਇਨ੍ਹੀਂ ਦਿਨੀਂ ਸ਼ਾਨਦਾਰ ਫਾਰਮ ਵਿੱਚ ਹੈ। ਉਸਨੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਵਿੱਚ ਬਹੁਤ ਦੌੜਾਂ ਬਣਾਈਆਂ, ਜਿਸਦਾ ਉਸਨੂੰ ਆਈਸੀਸੀ ਰੈਂਕਿੰਗ ਵਿੱਚ ਫਾਇਦਾ ਹੋਇਆ ਹੈ। ਪੰਜਾਬ ਦੇ ਇਸ 25 ਸਾਲਾ ਬੱਲੇਬਾਜ਼ ਦੇ 796 ਰੇਟਿੰਗ ਅੰਕ ਹਨ, ਜੋ ਬਾਬਰ (773) ਨਾਲੋਂ 23 ਵੱਧ ਹਨ। ਇਹ ਦੂਜੀ ਵਾਰ ਹੈ ਜਦੋਂ ਗਿੱਲ ਇੱਕ ਰੋਜ਼ਾ ਰੈਂਕਿੰਗ ਵਿੱਚ ਨੰਬਰ 1 ਦੇ ਸਥਾਨ ‘ਤੇ ਪਹੁੰਚੇ ਹਨ।
ਗਿੱਲ ਨੇ ਇੰਗਲੈਂਡ ਖ਼ਿਲਾਫ਼ ਹਾਲ ਹੀ ਵਿੱਚ ਸਮਾਪਤ ਹੋਈ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਿੱਲ ਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ 96 ਗੇਂਦਾਂ ਵਿੱਚ 87 ਦੌੜਾਂ ਬਣਾਈਆਂ ਸਨ। ਕਟਕ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ, ਉਸਨੇ 52 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ। ਗਿੱਲ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਲੜੀ ਦੇ ਆਖਰੀ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ ਸੀ। ਇਸ ਦੌਰਾਨ, ਉਸਨੇ 102 ਗੇਂਦਾਂ ਦਾ ਸਾਹਮਣਾ ਕੀਤਾ ਅਤੇ 14 ਚੌਕੇ ਅਤੇ ਤਿੰਨ ਛੱਕੇ ਲਗਾਏ।