ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋ ਰਿਹਾ ਹੈ। ਇੱਕ ਛੋਟੇ ਜਿਹੇ ਨਿੱਜੀ ਸਮਾਰੋਹ ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।
ਡਾ: ਗੁਰਪ੍ਰੀਤ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ। ਉਹ ਭਗਵੰਤ ਮਾਨ ਨੂੰ ਪਿਛਲੇ ਡੇਢ ਸਾਲ ਤੋਂ ਜਾਣਦੀ ਹੈ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਲਈ ਦੂਜੀ ਲਾੜੀ ਨੂੰ ਉਨ੍ਹਾਂ ਦੀ ਮਾਂ ਅਤੇ ਭੈਣ ਨੇ ਪਸੰਦ ਕੀਤਾ ਹੈ। ਇਸ ਤੋਂ ਬਾਅਦ ਭਗਵੰਤ ਮਾਨ ਵੀ ਗੁਰਪ੍ਰੀਤ ਨੂੰ ਮਿਲੇ ਅਤੇ ਵਿਆਹ ਲਈ ਹਾਂ ਕਰ ਦਿੱਤੀ। ਹੁਣ ਦੋਵੇਂ ਸਾਦੇ ਸਮਾਰੋਹ ‘ਚ ਵਿਆਹ ਕਰਵਾ ਰਹੇ ਹਨ। ਗੁਰਪ੍ਰੀਤ ਭਗਵੰਤ ਮਾਨ ਤੋਂ 16 ਸਾਲ ਛੋਟੇ ਹਨ।
ਭਗਵੰਤ ਮਾਨ ਦੇ ਘਰ ਕਈ ਵਾਰ ਦੇਖਿਆ
ਡਾ: ਗੁਰਪ੍ਰੀਤ ਕੌਰ ਨੂੰ ਭਗਵੰਤ ਮਾਨ ਦੇ ਘਰ ਕਈ ਵਾਰ ਦੇਖਿਆ ਗਿਆ। ਉਸ ਨੂੰ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਲੈ ਕੇ ਉਨ੍ਹਾਂ ਦੀ ਚੋਣ ਤੱਕ ਵੀ ਦੇਖਿਆ ਗਿਆ ਪਰ ਕੋਈ ਚਰਚਾ ਨਹੀਂ ਹੋਈ , ਪਿਛਲੇ ਸਮੇਂ ਤੋਂ ਉਹ ਕਈ ਵਾਰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਆ ਚੁੱਕੇ ਹਨ ਅਤੇ ਭਗਵੰਤ ਮਾਨ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ।
ਗੁਰਪ੍ਰੀਤ ਦੀ ਉਮਰ 32 ਸਾਲ ਅਤੇ ਭਗਵੰਤ ਮਾਨ 48 ਸਾਲ ਦੇ ਹਨ। ਭਾਵ ਗੁਰਪ੍ਰੀਤ ਕੌਰ ਭਗਵੰਤ ਮਾਨ ਤੋਂ 16 ਸਾਲ ਛੋਟੀ ਹੈ। ਉਹ ਇੱਕ ਸਧਾਰਨ ਪਰਿਵਾਰ ਤੋਂ ਹੈ ਅਤੇ ਉਸ ਤੋਂ ਦੋ ਹੋਰ ਭੈਣਾਂ ਵੱਡੀਆਂ ਹਨ। ਗੁਰਪ੍ਰੀਤ ਤੀਜੇ ਨੰਬਰ ‘ਤੇ ਹੈ।
ਭਗਵੰਤ ਮਾਨ ਅਤੇ ਗੁਰਪ੍ਰੀਤ ਦੇ ਵਿਆਹ ਨੂੰ ਇੰਨਾ ਗੁਪਤ ਰੱਖਿਆ ਗਿਆ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਦੀ ਮਾਂ ਅਤੇ ਭੈਣ ਗੁਰਪ੍ਰੀਤ ਨਾਲ ਬਜ਼ਾਰ ‘ਚ ਖਰੀਦਦਾਰੀ ਕਰਦੀਆਂ ਨਜ਼ਰ ਆਈਆਂ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਦੋਵਾਂ ਦੇ ਵਿਆਹ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ। ਇਹ ਵੀ ਜਿਕਰਯੋਗ ਹੈ ਕਿ ਗੁਰਪ੍ਰੀਤ ਦੇ ਵਿਆਹ ਲਈ ਲਹਿੰਗਾ, ਸੂਟ, ਗਹਿਣੇ ਸਭ ਕੁਝ ਭਗਵੰਤ ਦੀ ਮਾਂ ਅਤੇ ਭੈਣ ਨੇ ਗੁਰਪ੍ਰੀਤ ਨਾਲ ਮਿਲ ਕੇ ਖਰੀਦਿਆ ਸੀ।
ਦੱਸ ਦੇਈਏ ਕਿ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ 6 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦੀ ਪਹਿਲੀ ਪਤਨੀ ਤੇ ਬੱਚੇ ਅਮਰੀਕਾ ਵਿੱਚ ਰਹਿੰਦੇ ਹਨ। ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੇ ਦੋਵੇਂ ਬੱਚੇ ਵੀ ਆਏ ਸਨ।
ਭਗਵੰਤ ਮਾਨ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ। ਸਾਲ 2015 ‘ਚ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਕੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਤਲਾਕ ਤੋਂ ਬਾਅਦ ਇੰਦਰਪ੍ਰੀਤ ਦੋਵੇਂ ਬੱਚਿਆਂ ਨਾਲ ਅਮਰੀਕਾ ਚਲੀ ਗਈ। ਭਗਵੰਤ ਮਾਨ ਦੇ ਬੇਟੇ ਦਾ ਨਾਂ ਦਿਲਸ਼ਾਨ ਅਤੇ ਬੇਟੀ ਦਾ ਨਾਂ ਸੀਰਤ ਹੈ।
ਅਰਵਿੰਦ ਕੇਜਰੀਵਾਲ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣਗੇ।