ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਹੋਏ ਹਨ, ਜੋ ਪੰਜਾਬ ਦੇ ਮੌਜੂਦਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਾਸਰਕੇ ਪਿੰਡ ਵਿਖੇ ਵੈਸਾਖ ਸੁਦੀ 14 , 1536 ਬਿਕਰਮੀ/ 5 ਮਈ 1479 ਨੂੰ ਭੱਲਾ ਖੱਤਰੀ ਪਰਿਵਾਰ ਵਿਚ ਪ੍ਰਕਾਸ਼਼ ਧਾਰਨ ਕੀਤਾ ਸੀ । ਉਹਨਾਂ ਦੇ ਪਿਤਾ ਦਾ ਨਾਂ ਸ੍ਰੀ ਤੇਜ ਭਾਨ ਜੀ ਅਤੇ ਮਾਤਾ ਦਾ ਨਾਂ ਸੁਲੱਖਣੀ ਜੀ ਸਨ।
ਸ੍ਰੀ ਗੁਰੂ ਅਮਰਦਾਸ ਜੀ ਦੇ ਸਬੰਧ ਵਿਚ ਭੱਟ ਸਾਹਿਬਾਨ ਨੇ 22 ਸਵੱਯੇ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ। ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼਼ ਨੂੰ ਦੇ ਸਬੰਧ ਵਿਚ ਬਚਨ ਉਚਾਰਨ ਕੀਤੇ:-
ਭਲਉ ਪ੍ਰਸਿਧੁ ਤੇਜੋ ਤਨੌ, ਕਲ੍ਹ ਜੋੜਿ ਕਰ ਧ੍ਹਾਇਅਓ ॥
ਸੋਈ ਨਾਮੁ ਭਗਤ ਭਵਜਲ ਹਰਣੁ, ਗੁਰ ਅਮਰਦਾਸ, ਤੈ ਪਾਇਓ ॥5॥ (ਪੰਨਾ 1393) ਗੁਰੂ ਅਮਰਦਾਸ ਜੀ ਤੇਜ ਭਾਨ ਜੀ ਦੇ ਪੁੱਤਰ, ਭੱਲਿਆਂ ਦੀ ਕੁਲ ਵਿਚ ਉੱਘੇ ਪੈਦਾ ਹੋਏ ਕਲਸਹਾਰ ਕਵੀ ਹੱਥ ਜੋੜ ਕੇ ਆਪ ਜੀ ਨੂੰ ਆਰਾਧਦਾ ਹੈ ਤੇ ਆਖਦਾ ਹੈ-ਕਿ ‘ਹੇ ਗੁਰੂ ਅਮਰਦਾਸ ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ’।
ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ ॥
ਜਹ ਕਹ ਤਹ ਭਰਪੂਰੁ ਸਬਦੁ, ਦੀਪਕਿ ਦੀਪਾਯਉ ॥
ਜਿਹ ਸਿਖਹ ਸੰਗ੍ਰਹਿਓ, ਤਤੁ ਹਰਿ ਚਰਣ ਮਿਲਾਯਉ ॥ (ਪੰਨਾ 1395)
ਭੱਟ ਕੀਰਤ ਜੀ ਗੁਰੂ ਅਮਰਦਾਸ ਜੀ ਬਾਰੇ ਬਚਨ ਉਚਾਰਨ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਆਪ ਹੀ ਨਰਾਇਣ-ਰੂਪ ਹਨ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ । ਨਿਰੰਕਾਰ ਨੇ ਗੁਰੂ ਅਮਰਦਾਸ ਜੀ ਦਾ ਅਕਾਰ-ਰੂਪ ਹੋ ਕੇ ਰੂਪ ਧਾਰ ਕੇ ਜਗਤ ਵਿਚ ਜੋਤਿ ਪ੍ਰਗਟਾਈ ਹੈ । (ਨਿਰੰਕਾਰ ਨੇ) ਆਪਣੇ ਸ਼ਬਦ (ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ । ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਆਪਣੇ ਜੀਵਨ ਵਿਚ ਧਾਰਨ ਕੀਤਾ ਹੈ, ਗੁਰੂ ਅਮਰਦਾਸ ਜੀ ਨੇ ਤੁਰੰਤ ਉਹਨਾਂ ਨੂੰ ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ ।
ਗੁਰੂ ਅਮਰਦਾਸ ਜੀ ਦੀ ਸ਼ਾਦੀ 11 ਮਾਘ , 1559 ਬਿਕਰਮੀ /1502 ਈ: ਨੂੰ ਸਿਆਲਕੋਟ ਜ਼ਿਲ੍ਹੇ ਵਿਚ ਪਿੰਡ ਸੰਖਤਰਾ ਦੇ ਇਕ ਬਹਿਲ ਖੱਤਰੀ , ਦੇਵੀ ਚੰਦ ਦੀ ਧੀ ਮਨਸਾ ਦੇਵੀ ਕਰ ਦਿੱਤੀ ਗਈ ਸੀ। ਇਹਨਾਂ ਦੇ ਚਾਰ ਬੱਚੇ – ਦੋ ਜੀ , ਮੋਹਰੀ ਅਤੇ ਮੋਹਨ ਅਤੇ ਦੋ ਧੀਆਂ ਦਾਨੀ ਅਤੇ ਭਾਨੀ ਸਨ ।
ਗੁਰੂ ਅਮਰ ਦਾਸ ਜੀ ਬਹੁਤ ਹੀ ਧਾਰਮਿਕ ਬਿਰਤੀ ਵਾਲੇ ਸਨ । ਜਦੋਂ ਇਹ ਵੱਡੇ ਹੋਏ ਤਾਂ ਵੈਸ਼ਨਵ ਧਰਮ ਵੱਲ ਖਿੱਚੇ ਗਏ ਅਤੇ ਲਗਾਤਾਰ ਹਰਿਦੁਆਰ ਯਾਤਰਾਵਾਂ ਤੇ ਜਾਂਦੇ ਰਹੇ । ਇਤਿਹਾਸਕਾਰਾਂ ਨੇ ਅਜਿਹੀਆਂ ਵੀਹ ਯਾਤਰਾਵਾਂ ਦਾ ਜ਼ਿਕਰ ਕੀਤਾ ਹੈ । ਗੁਰੂ ਅਮਰਦਾਸ ਜੀ ਨੇ ਇਸੇ ਲੜੀ ਵਿਚ ਹੋਰ ਯਾਤਰਾਵਾਂ ਕੀਤੀਆਂ ਹੁੰਦੀਆਂ ਜੇਕਰ ਵੀਹਵੀਂ ਯਾਤਰਾ ਸਮੇਂ ਇਹਨਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲੀ ਘਟਨਾ ਨਾ ਵਾਪਰੀ ਹੁੰਦੀ । ਵਾਪਸੀ ਯਾਤਰਾ ਸਮੇਂ ਇਹ ਇਕ ਸਾਧੂ ਨੂੰ ਮਿਲੇ ਜਿਸ ਨੇ ਇਹਨਾਂ ਵੱਲੋਂ ਅਜੇ ਤੱਕ ਗੁਰੂ ਨਾ ਧਾਰਨ ਕਰਕੇ ਇਹਨਾਂ ਨੂੰ ਝਿੜਕਿਆ । ਅਮਰ ਦਾਸ ਜੀ ਨੇ ਪ੍ਰਣ ਕੀਤਾ ਕਿ ਉਹ ਗੁਰੂ ਧਾਰਨ ਕਰਨਗੇ ਅਤੇ ਇਹ ਪ੍ਰਣ ਛੇਤੀ ਹੀ ਉਦੋਂ ਪੂਰਾ ਹੋ ਗਿਆ ਜਦੋਂ ਉਹਨਾਂ ਦੇ ਪਰਿਵਾਰ ਦੀ ਨੂੰਹ ਬੀਬੀ ਅਮਰੋ ਨਾਲ 1597 ਬਿਕਰਮੀ/ਈ. 1540 ਨੂੰ ਉਹਨਾਂ ਦੇ ਪਿਤਾ , ਗੁਰੂ ਅੰਗਦ ਦੇਵ ਜੀ ਦੇ ਖਡੂਰ ਜਾ ਕੇ ਦਰਸ਼ਨ ਕੀਤੇ । ਖਡੂਰ ਉਹਨਾਂ ਦੇ ਜੱਦੀ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ । ਇਹ ਤੁਰੰਤ ਉਹਨਾਂ ਦੇ ਸਿੱਖ ਬਣ ਗਏ ਅਤੇ ਇਕਾਗਰ ਮਨ ਦੀ ਸ਼ਰਧਾ ਨਾਲ ਇਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਬਾਰਾਂ ਸਾਲ ਸੇਵਾ ਕੀਤੀ । ਇਹ ਦਿਨ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਉੱਠ ਕੇ ਗੁਰੂ ਜੀ ਦੇ ਇਸ਼ਨਾਨ ਲਈ ਦਰਿਆ ਤੋਂ ਪਾਣੀ ਲਿਆਉਂਦੇ ਸਨ । ਦਿਨ ਵੇਲੇ ਇਹ ਲੰਗਰ ਵਿਚ ਸੇਵਾ ਕਰਦੇ ਸਨ , ਭੋਜਨ ਤਿਆਰ ਕਰਨ ਅਤੇ ਵਰਤਾਉਣ ਵਿਚ ਮਦਦ ਕਰਦੇ ਸਨ ਅਤੇ ਭਾਂਡੇ ਧੋਣ ਦੀ ਸੇਵਾ ਕਰਦੇ ਸਨ । ਜਦੋਂ ਇਸ ਕੰਮ ਤੋਂ ਵਿਹਲੇ ਹੁੰਦੇ ਤਾਂ ਗੁਰੂ ਕੇ ਲੰਗਰ ਲਈ ਨੇੜੇ ਦੇ ਜੰਗਲ ਤੋਂ ਲੱਕੜਾਂ ਲੈਣ ਲਈ ਚਲੇ ਜਾਂਦੇ ਸਨ । ਇਹਨਾਂ ਦੇ ਸਵੇਰੇ ਅਤੇ ਸ਼ਾਮ ਦੇ ਸਮੇਂ ਅਰਦਾਸ ਅਤੇ ਸਿਮਰਨ ਵਿਚ ਲੰਘਦੇ ਸਨ।
ਗੁਰੂ ਅਮਰ ਦਾਸ ਜੀ ਦੀ ਆਪਣੇ ਗੁਰੂ ਉਪਰ ਪੂਰਨ ਸ਼ਰਧਾ ਦੀਆਂ ਕਈ ਸਾਖੀਆਂ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਇਕ ਬਹੁਤ ਮਹੱਤਵਪੂਰਨ ਹੈ ਕਿ ਕਿਵੇਂ ਇਕ ਝੱਖੜ ਵਾਲੀ ਰਾਤ ਨੂੰ ਤੇਜ਼ ਹਵਾਵਾਂ , ਮੀਂਹ ਅਤੇ ਕੜਕਦੀ ਬਿਜਲੀ ਦੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਨੇ ਗੁਰੂ ਜੀ ਲਈ ਦਰਿਆ ਬਿਆਸ ਤੋਂ ਪਾਣੀ ਲਿਆਂਦਾ । ਖਡੂਰ ਦੇ ਬਾਹਰਵਾਰ ਜੁਲਾਹਾ ਬਸਤੀ ਦੀ ਖੱਡੀ ਕੋਲੋਂ ਲੰਘਦੇ ਹੋਏ ਇਕ ਕਿੱਲੇ ਵਿਚ ਇਹਨਾਂ ਦਾ ਪੈਰ ਲਗਾ ਅਤੇ ਜ਼ਖ਼ਮੀ ਹੋ ਕੇ ਇਹ ਡਿੱਗ ਪਏ ਪਰੰਤੂ ਆਪਣੇ ਸਿਰ ਤੇ ਚੁੱਕੀ ਗਾਗਰ ਦਾ ਪਾਣੀ ਇਹਨਾਂ ਨੇ ਡੁੱਲ੍ਹਣ ਨਾ ਦਿੱਤਾ । ਅੱਭੜਵਾਹੇ ਜਾਗੀ ਇਕ ਜੁਲਾਹੀ ਨੇ ਇਹਨਾਂ ਨੂੰ ਅਪਮਾਨ ਪੂਰਨ ਢੰਗ ਨਾਲ ‘ ਅਮਰੂ ਨਿਥਾਵਾੱ ਕਿਹਾ । ਜਦੋਂ ਗੁਰੂ ਅੰਗਦ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਅਮਰ ਦਾਸ ਜੀ ਦੀ ਸ਼ਰਧਾ ਦੀ ਸਰਾਹਨਾ ਕੀਤੀ ।ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਦੀ ਹਰੇਕ ਸਾਲ ਦੀ ਸੇਵਾ ਉਪਰੰਤ 12 ਬਖਸਿਸ਼ਾਂ ਦਿੱਤੀ।
ਤੁਮ ਹੋ ਨਿਥਾਵਨ ਥਾਨ॥ ਕਰਹੋ ਨਿਮਾਨਹਿ ਮਾਨ॥ ਨਿਤਾਣਿਆਂ ਦਾ ਤਾਨ॥
ਨਿੳਟਿਆਂ ਦੀ ੳਟ॥ ਨਿਆਸਰਿਆਂ ਦਾ ਆਸਰਾ॥ ਨਿਧਰਿਆ ਦੀ ਧਰ॥
ਨਿਧੀਰਨ ਦੀ ਧੀਰ॥ ਪੀਰਾਂ ਦੇ ਪੀਰ॥ ਦਿਆਲ ਗਹੀ ਬਹੋੜ॥
ਜਗਤ ਬੰਦੀਛੋੜ॥ ਭੰਣ ਘੜਨ ਸਮਰਥ॥ ਸਭ ਜੀਵਕ ਜਿਸ ਹੱਥ॥