ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਜੌੜੀਆਂ ਕਲਾਂ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ 200 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਮਾਮੂਲੀ ਝਗੜੇ ਤੋਂ ਬਾਅਦ ਸ਼ਰਾਬ ਕਾਰੋਬਾਰੀ ਨੇ ਆਪਣੀ ਪਤਨੀ ਨਾਲ ਮਿਲ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕੋਡੂ ਮਸੀਹ (34) ਵਾਸੀ ਜੋੜੀਆਂ ਕਲਾਂ ਵਜੋਂ ਹੋਈ ਹੈ, ਜੋ ਜਲੰਧਰ ਦੇ ਇੱਕ ਢਾਬੇ ‘ਤੇ ਕੰਮ ਕਰਦਾ ਸੀ ਅਤੇ ਛੁੱਟੀ ‘ਤੇ ਪਿੰਡ ਆਇਆ ਹੋਇਆ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਪਤਨੀ ਛੱਡ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਡੂ ਮਸੀਹ ਆਪਣੇ ਦੋਸਤ ਸੁੱਖਾ ਮਸੀਹ ਨਾਲ ਨੇੜਲੇ ਪਿੰਡ ਹਰੂਵਾਲ ਵਿਖੇ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਤੋਂ ਸ਼ਰਾਬ ਪੀਣ ਗਿਆ ਸੀ। 200 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੂੰ ਲੈ ਕੇ ਇਕ ਸ਼ਰਾਬ ਕਾਰੋਬਾਰੀ ਅਤੇ ਉਸ ਦੀ ਪਤਨੀ ਨੇ ਕੋਡੂ ਮਸੀਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਨੇੜਲੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਇਸ ਸਬੰਧੀ ਉਸ ਦੇ ਦੋਸਤ ਸੁੱਖ ਮਸੀਹ ਨੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਸਹੀ ਇਨਸਾਫ਼ ਨਾ ਦੇਣ ਦਾ ਦੋਸ਼ ਲਾਇਆ ਹੈ। ਇਸ ਕਾਰਨ ਉਨ੍ਹਾਂ ਪਿੰਡ ਜੌੜੀਆਂ ਕਲਾਂ ਦੇ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਡੇਰਾ ਬਾਬਾ ਨਾਨਕ ਅੱਗੇ ਧਰਨਾ ਦਿੱਤਾ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇਗਾ |