Punjab Government: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨਾਂ ਦੀ ਆਮਦਨ (income of Punjab farmers) ਵਧਾਉਣ ਤੇ ਫਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਵਾਉਣ ਲਈ ਬਾਗ਼ਬਾਨੀ ਵਿਭਾਗ (Punjab horticulture department) ਵੱਲੋਂ ਸੂਬੇ ‘ਚ ਚਲਾਏ ਜਾ ਰਹੇ ਸੈਂਟਰ ਆਫ ਐਕਸੀਲੈਂਸ (center of excellence) ਰਾਹੀਂ ਰਾਜ ਦਾ ਦੁੱਗਣਾ ਰਕਬਾ ਬਾਗ਼ਬਾਨੀ ਹੇਠ ਲਿਆਉਣ ਲਈ ਸਾਰੇ ਸੰਭਵ ਯਤਨ ਕੀਤੇ ਜਾ ਰਹੇ ਹਨ।
ਪੋਸ਼ਣ ਸੁਰੱਖਿਆ ਨੂੰ ਜ਼ਮੀਨੀ ਪੱਧਰ ‘ਤੇ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਅਹਿਮ ਤੇ ਅਭਿਲਾਸ਼ੀ ਮੁਹਿੰਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਲੀ ਲਹਿਰ ਦੇ ਹਿੱਸੇ ਵਜੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 1.25 ਲੱਖ ਤੋਂ ਵੱਧ ਫਲਦਾਰ ਬੂਟੇ ਲਗਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਾਗ਼ਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਤੋਂ ਇਲਾਵਾ ਸੂਬੇ ਦੇ 10 ਫੀਸਦੀ ਜੰਗਲਾਤ ਅਧੀਨ ਖੇਤਰ ਨੂੰ ਫਲਾਂ ਦੇ ਬਾਗਾਂ ਵਿੱਚ ਤਬਦੀਲ ਕਰੇਗੀ।
ਉਨ੍ਹਾਂ ਕਿਹਾ ਕਿ ਫਲ਼ਦਾਰ ਰੁੱਖ ਲਗਾਉਣ ਨਾਲ ਨਾ ਕੇਵਲ ਸੂਬੇ ਵਿੱਚ ਹਰਿਆਲੀ ਵਧਾਉਣ ਵਿੱਚ ਮਦਦ ਮਿਲੇਗੀ ਸਗੋਂ ਇਹ ਲੋਕਾਂ ਖਾਸ ਕਰਕੇ ਬੱਚਿਆਂ, ਜੋ ਫਲ ਖਰੀਦਣ ਵਿੱਚ ਅਸਮਰੱਥ ਹਨ, ਲਈ ਪੋਸ਼ਣ ਸੁਰੱਖਿਆ ਨੂੰ ਵੀ ਯਕੀਨੀ ਬਣਾਏਗਾ।
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫਸਲਾਂ ਦਾ ਬਦਲ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਇੱਕ ਹੋਰ ਪਹਿਲਕਦਮੀ ਤਹਿਤ ਸੰਗਰੂਰ ਜ਼ਿਲੇ ਦੇ ਪਿੰਡ ਖੇੜੀ ਵਿਖੇ ਪਿਆਜ਼ ਲਈ ਇਕ ਹੋਰ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਪੰਜਾਬ ਵਿੱਚ ਇੰਡੋ-ਡੱਚ ਸਮਝੌਤੇ ਅਨੁਸਾਰ ਸਥਾਪਿਤ ਕੀਤਾ ਜਾਣ ਵਾਲਾ ਤੀਜਾ ਸੈਂਟਰ ਆਫ ਐਕਸੀਲੈਂਸ ਹੋਵੇਗਾ।
ਇਸ ਆਧੁਨਿਕ ਕੇਂਦਰ ਦਾ ਉਦੇਸ਼ ਪੰਜਾਬ ਦੇ ਕਿਸਾਨਾਂ ਨੂੰ ਪਿਆਜ਼ ਦੀ ਕਾਸ਼ਤ ਵਿੱਚ ਨਵੀਨਤਮ ਤਕਨੀਕੀ ਅਤੇ ਵਿਗਿਆਨਕ ਉੱਨਤੀ ਤੋਂ ਜਾਣੂ ਕਰਵਾਉਣਾ ਹੀ ਨਹੀਂ ਸਗੋਂ ਦੋ-ਫਸਲੀ ਪ੍ਰਣਾਲੀ ਦੇ ਰਵਾਇਤੀ ਫਸਲੀ ਚੱਕਰ ਨੂੰ ਤੋੜਨਾ ਹੈ, ਜਿਸ ਦੇ ਨਤੀਜੇ ਵਜੋਂ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਯਤਨਾਂ ਦੇ ਨਾਲ-ਨਾਲ ਨਵੀਆਂ ਫਸਲਾਂ ਅਤੇ ਨਵੀਨਤਮ ਤਕਨੀਕਾਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਡੱਚ ਦੇ ਸਹਿਯੋਗ ਨਾਲ ਪਿਆਜ਼ ਦੀ ਕਾਸ਼ਤ ਨੂੰ 22 ਟਨ ਤੋਂ ਵਧਾ ਕੇ 40 ਟਨ ਪ੍ਰਤੀ ਹੈਕਟੇਅਰ ਕਰਨ ਅਤੇ ਡੱਚ ਦੀ ਨਵੀਨਤਮ ਸਟੋਰੇਜ ਤਕਨਾਲੋਜੀ ਦੀ ਵਰਤੋਂ ਕਰਕੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ 30 ਫੀਸਦੀ ਤੱਕ ਘਟਾਉਣ ‘ਤੇ ਕੇਂਦਰਿਤ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਕੇਂਦਰ 10 ਕਰੋੜ ਰੁਪਏ ਦੀ ਲਾਗਤ ਨਾਲ ਮਿਸ਼ਨ ਫਾਰ ਇੰਟੀਗ੍ਰੇਟਿਡ ਡਿਵੈਲਪਮੈਂਟ ਆਫ ਹਾਰਟੀਕਲਚਰ (ਐਮਆਈਡੀਐਚ) ਤਹਿਤ ਸਥਾਪਿਤ ਕੀਤਾ ਜਾਵੇਗਾ।
ਬਾਗਬਾਨੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬ ਪਿਆਜ਼ ਦੀ 25 ਫੀਸਦੀ ਲੋੜ ਪੂਰੀ ਕਰ ਰਿਹਾ ਹੈ ਅਤੇ ਇਕ ਵਾਰ ਇਸ ਆਧੁਨਿਕ ਕੇਂਦਰ ਦੀ ਸਥਾਪਨਾ ਹੋਣ ‘ਤੇ 3 ਸਾਲਾਂ ਵਿਚ ਇਹ ਰਕਬਾ 60000 ਏਕੜ ਤੱਕ ਵਧ ਜਾਵੇਗਾ। ਮੌਜੂਦਾ ਸਮੇਂ ਵਿੱਚ 25000 ਏਕੜ ਰਕਬੇ ਵਿੱਚ ਪਿਆਜ ਦੀ ਖੇਤੀ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h