ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਜੁਲਾਈ 2022 ਨੂੰ ਨਿਯੁਕਤ ਕੀਤੀ ਗਈ ਪੜਤਾਲੀਆ ਕਮੇਟੀ ਤਰਫੋਂ ਮੈਂ (ਜੁਗਿੰਦਰ ਸਿੰਘ ਉਗਰਾਹਾਂ ਨੇ) ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਸੂਬਾ ਕਮੇਟੀ ਨੂੰ ਇੱਕ ਚਿੱਠੀ (ਸੁਆਲਨਾਮਾ) ਭੇਜੀ ਹੈ। ਬੂਟਾ ਸਿੰਘ ਬੁਰਜ ਗਿੱਲ ਇਸ ਪੜਤਾਲ ਵਿੱਚ ਸ਼ਾਮਲ ਹੋਣ ਤੋਂ ਇਨਕਾਰੀ ਹੋ ਗਿਆ ਹੈ। ਉਸ ਨੇ ਪੜਤਾਲੀਆ ਕਮੇਟੀ ਅਤੇ ਇਸ ਦੇ ਨੁਮਾਇੰਦੇ (ਜੁਗਿੰਦਰ ਸਿੰਘ ਉਗਰਾਹਾਂ) ਖਿਲਾਫ਼ ਭੰਡੀ ਪ੍ਰਚਾਰ ਦੀ ਜਨਤਕ ਮੁਹਿੰਮ ਵਿੱਢ ਦਿੱਤੀ ਹੈ। ਪੜਤਾਲ ਵਿੱਚ ਸ਼ਾਮਲ ਹੋਣ ਤੋਂ ਮੁਨਕਰ ਹੋਣ ਲਈ ਸ਼੍ਰੀ ਬੁਰਜ ਗਿੱਲ ਵੱਲੋਂ ਦਿੱਤੀਆਂ ਸਾਰੀਆਂ ਦਲੀਲਾਂ ਹਕੀਕਤ ਦਾ ਸ਼ਕਲ-ਵਿਗਾੜ, ਗਲਤ ਅਤੇ ਗੁਮਰਾਹਕੁੰਨ ਹਨ। ਕਿਸ ਤਰ੍ਹਾਂ? ਬੂਟਾ ਸਿੰਘ ਦਾ ਕਹਿਣਾ ਹੈ ਕਿ:
• ਪੜਤਾਲ ਕਮੇਟੀ ਨੇ ਕੋਈ ਰਿਪੋਰਟ ਜਾਰੀ ਨਹੀਂ ਕੀਤੀ। ਇਹ ਚਿੱਠੀ ਇੱਕ ਮੈਂਬਰ ਨੇ ਲਿਖੀ ਹੈ। ਉਸ ਨੂੰ ਇਕੱਲੇ ਨੂੰ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਹੈ। ਨਾ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿਯੁਕਤ ਪੜਤਾਲੀਆ ਕਮੇਟੀ ਦੀ ਕੋਈ ਮੀਟਿੰਗ ਹੋਈ ਹੈ।
• ਪੜਤਾਲੀਆ ਕਮੇਟੀ ਨੂੰ ਬੂਟਾ ਸਿੰਘ ਬੁਰਜ ਗਿੱਲ ਜਵਾਬਦੇਹ ਹੈ, ਨਾ ਕਿ ਉਸ ਦੀ ਜਥੇਬੰਦੀ। ਪੜਤਾਲੀਆਂ ਕਮੇਟੀ ਨੂੰ ਕੀ ਅਧਿਕਾਰ ਹੈ ਕਿ ਉਹ ਸਾਡੀ ਜਥੇਬੰਦੀ ਦੀਆਂ ਪੁਜੀਸ਼ਨਾਂ ਸਬੰਧੀ ਜਾਣਕਾਰੀ ਮੰਗੇ। ਸਿਰਫ਼ ਇੱਕ ਮੈਂਬਰ ਨੂੰ ਤਾਂ, ਜੁਗਿੰਦਰ ਸਿੰਘ ਉਗਰਾਹਾਂ ਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਹੈ।
ਪੜਤਾਲੀਆ ਕਮੇਟੀ ਦੇ ਬਣਨ ਦਾ ਅਮਲ ਅਤੇ ਇਸ ਵੱਲੋਂ ਪੜਤਾਲ ਦੇ ਕੰਮ ਨੂੰ ਅੱਗੇ ਵਧਾਉਣ ਦੇ ਹੁਣ ਤੱਕ ਦੇ ਅਮਲ ਦੀ ਸੰਖੇਪ ਰਿਪੋਰਟ ਇਸ ਤਰ੍ਹਾਂ ਹੈ:
3 ਜੁਲਾਈ 2022 ਨੂੰ ਸੰਯੁਕਤ ਕਿਸਾਨ ਮੋਰਚੇ ਦੀ ਗਾਜੀਆਬਾਦ ਮੀਟਿੰਗ ਬਹੁਤ ਮਹੱਤਵਪੂਰਨ ਮੀਟਿੰਗ ਹੈ। ਇਸ ਦਿਨ ਪੰਜਾਬ ਅੰਦਰ ਅਸੰਬਲੀ ਚੋਣਾਂ ਵਿੱਚ ਹਿੱਸਾ ਲੈਣ ਦੇ ਮਸਲੇ ’ਤੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋਈਆਂ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਆਪਣੀ ਗਲਤੀ ਨੂੰ ਸੁਧਾਰਨ ਸਦਕਾ ਮੁੜ ਤੋਂ ਮੋਰਚੇ ਦਾ ਅੰਗ ਬਣਾਈਆਂ ਗਈਆਂ ਸਨ। ਮੋਰਚੇ ਵਿੱਚ ਸ਼ਾਮਲ ਹੋਣ ਸਮੇਂ ਇਨ੍ਹਾਂ ਸਮੇਤ ਹੋਰਨਾਂ ਸਭਨਾਂ ਜਥੇਬੰਦੀਆਂ ਨੇ ਪ੍ਰਵਾਨ ਕੀਤਾ ਸੀ ਕਿ ਉਹ ਫੰਡਾਂ ਦੇ ਹਿਸਾਬ ਕਿਤਾਬ ਦੇ ਨਿਪਟਾਰੇ ਦੀ ਪੜਤਾਲ ਲਈ ਅਤੇ ਸਰਕਾਰ ਨਾਲ ਅਣਅਧਿਕਾਰਤ ਚਿੱਠੀ ਪੱਤਰ ਕਰਨ ਦੇ ਮਸਲੇ ਦੀ ਪੜਤਾਲ ਲਈ ਮੋਰਚੇ ਨੂੰ ਪੂਰਨ ਸਹਿਯੋਗ ਦੇਣਗੀਆਂ। ਅਜਿਹੀ ਸਹਿਮਤੀ ਬਾਅਦ ਇਸ ਦੁਵੱਲੇ ਮਕਸਦ ਲਈ ਦੋ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ। ਅਣਅਧਿਕਾਰਤ ਚਿੱਠੀ ਪੱਤਰ ਤੇ ਮੇਲ-ਮਿਲਾਪ ਦੀ ਪੜਤਾਲ ਲਈ 5 ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਮੈਂਬਰ ਸਨ ਸ਼੍ਰੀ ਅਸ਼ੋਕ ਧਾਵਲੇ ਮਹਾਂਰਾਸ਼ਟਰ ਤੋਂ, ਸ਼੍ਰੀ ਜੁਗਿੰਦਰ ਸਿੰਘ ਉਗਰਾਹਾਂ ਪੰਜਾਬ ਤੋਂ, ਸ਼੍ਰੀ ਸੁਨੀਲਮ ਮੱਧ ਪ੍ਰਦੇਸ਼ ਤੋਂ, ਸ਼੍ਰੀ ਸਤਿਆਵਾਨ ਹਰਿਆਣਾ ਤੋਂ ਅਤੇ ਸ਼੍ਰੀ ਰਾਜਵੀਰ ਯੂ. ਪੀ. ਤੋਂ। ਕਮੇਟੀ ਬਣਾਉਣ ਵੇਲੇ ਇਸ ਪੈਮਾਨੇ ਨੂੰ ਆਧਾਰ ਬਣਾਇਆ ਗਿਆ ਕਿ ਇਸ ਵਿੱਚ ਸਿਰਫ਼ ਉਹ ਆਗੂ ਹੀ ਸ਼ਾਮਲ ਕੀਤੇ ਜਾਣ ਜਿੰਨ੍ਹਾਂ ਦੀ ਮਾਨਤਾ ਕਿੰਤੂ ਰਹਿਤ ਹੈ। ਜੋ ਸਰਕਾਰ ਨਾਲ ਅਣਅਧਿਕਾਰਤ ਗੱਲਬਾਤ ਵਿੱਚ ਕਿਸੇ ਵੀ ਪੱਧਰ ’ਤੇ ਸ਼ਾਮਲ ਨਹੀਂ ਹੋਏ। ਇਉਂ ਇਸ 5 ਮੈਂਬਰੀ ਕਮੇਟੀ ਦੇ ਨਾਵਾਂ ਨੂੰ ਸਰਵ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਮੀਟਿੰਗ ਵਿੱਚ ਇਸ ਕਮੇਟੀ ਨੂੰ ਕਿੰਤੂ ਰਹਿਤ ਮਾਨਤਾ ਪ੍ਰਾਪਤ ਹੋ ਗਈ।
ਸਰਕਾਰ ਨਾਲ ਅਣਅਧਿਕਾਰਤ ਚਿੱਠੀ ਪੱਤਰ ਅਤੇ ਮਿਲੀ ਭੁਗਤ ਦੀ ਪੜਤਾਲ ਲਈ ਪੜਤਾਲੀਆ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ 20 ਜੁਲਾਈ 2022 ਨੂੰ ਕਰਨਾਲ ਵਿੱਚ ਸੱਦੀ ਗਈ। ਸ਼੍ਰੀ ਬੁਰਜ ਗਿੱਲ ਅਤੇ ਸ਼੍ਰੀ ਹਰਮੀਤ ਸਿੰਘ ਕਾਦੀਆਂ ਨੂੰ ਇਸ ਦਿਨ ਕਮੇਟੀ ਅੱਗੇ ਪੇਸ਼ ਹੋਣ ਲਈ ਸੱਦ ਲਿਆ ਗਿਆ। ਇਨ੍ਹਾਂ ਦੋਹਾਂ ਆਗੂਆਂ ਨੇ ਇਸ ਦਿਨ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸਹਿਮਤੀ ਦੇ ਦਿੱਤੀ। ਪਰ 19 ਜੁਲਾਈ ਤੱਕ ਮੈਨੂੰ ਸਾਰੇ ਆਗੂਆਂ ਦੇ ਫੋਨ ਆ ਗਏ ਕਿ ਉਹ ਆਵਦੇ ਰੁਝੇਵਿਆਂ ਸਦਕਾ ਅਤੇ ਸੂਬਿਆਂ ਦੀ ਦੂਰੀ ਸਦਕਾ ਆ ਨਹੀਂ ਸਕਦੇ। ਇਸ ਲਈ ਇਹ ਮੀਟਿੰਗ ਰੱਦ ਕਰਨੀ ਪਈ। ਮੈਂ ਇਸ ਕਮੇਟੀ ਦੇ ਨੁੰਮਾਇੰਦੇ ਵਜੋਂ ਸ਼੍ਰੀ ਬੁਰਜ ਗਿੱਲ ਤੇ ਸ਼੍ਰੀ ਕਾਦੀਆਂ ਨੂੰ ਸਮੇਂ ਸਿਰ ਇਸ ਦੀ ਸੂਚਨਾ ਦੇ ਦਿੱਤੀ। ਇਸ ਤਜ਼ਰਬੇ ਤੋਂ ਧਿਆਨ ਵਿੱਚ ਆਇਆ ਕਿ ਅੱਗੇ ਤੋਂ ਵੀ ਅਜਿਹੀ ਪੜਤਾਨ ਲਈ ਸਮੁੱਚੀ ਕਮੇਟੀ ਨੂੰ ਵਾਰ ਵਾਰ ਮਿਲਣ ਦੀ ਅਣਸਰਦੀ ਲੋੜ ਪੂਰੀ ਕਰਨੀ ਸੰਭਵ ਨਹੀਂ ਹੋਵੇਗੀ। ਇਸ ਦੇ ਹੱਲ ਵਜੋਂ ਕਮੇਟੀ ਮੈਂਬਰਾਂ ਨੇ ਇਸ ਪੜਤਾਲ ਦੇ ਕੰਮ ਨੂੰ ਦੋ ਭਾਗਾਂ ਵਿੱਚ ਵੰਡ ਲਿਆ। ਸਰਕਾਰ ਨਾਲ ਅਣਅਧਿਕਾਰਤ ਚਿੱਠੀ ਪੱਤਰ ਦੇ ਮਾਮਲੇ ਨੂੰ ਦੇਖਣ ਦੀ ਜੁੰਮੇਵਾਰੀ ਸ਼੍ਰੀ ਅਸ਼ੋਕ ਧਾਵਲੇ, ਸ਼੍ਰੀ ਸੁਨੀਲਮ ਅਤੇ ਸ਼੍ਰੀ ਰਾਜਵੀਰ ਨੂੰ ਸੌਂਪੀ ਗਈ। ਸਰਕਾਰ ਨਾਲ ਅਣਅਧਿਕਾਰਤ ਗੱਲਬਾਤ ਅਤੇ ਮਿਲੀਭੁਗਤ ਦੇ ਮਾਮਲੇ ਦੇ ਪੜਤਾਲ ਦੀ ਜੁੰਮੇਵਾਰੀ ਮੈਨੂੰ ਅਤੇ ਸ਼੍ਰੀ ਸਤਿਆਵਾਨ ਹਰਿਆਣਾ ਨੂੰ ਸੌਂਪੀ ਗਈ। ਇਉਂ ਕਮੇਟੀ ਵੱਲੋਂ ਕੀਤੀ ਗਈ ਕੰਮ-ਵੰਡ ਅਣਸਰਦੀ ਲੋੜ ’ਚੋਂ ਨਿਕਲੀ ਸੀ। ਪੜਤਾਲ ਦੇ ਕੰਮ ਨੂੰ ਜਾਰੀ ਰੱਖਣ ਦਾ ਸਹੀ ਉਪਰਾਲਾ ਸੀ। 26 ਜੁਲਾਈ 2022 ਨੂੰ ਬੂਟਾ ਸਿੰਘ ਬੁਰਜ ਗਿੱਲ ਨੇ ਮੈਨੂੰ ਫੋਨ ਕਰਕੇ ਮੰਗ ਕੀਤੀ ਕਿ ਪੜਤਾਲ ਦੇ ਲਮਕ ਰਹੇ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਇਸ ਸਮੇਂ ਤੱਕ ਸ਼੍ਰੀ ਸਤਿਆਵਾਨ ਦਾ ਦੁਬਾਰਾ ਫੋਨ ਆ ਚੁੱਕਾ ਸੀ ਕਿ ਉਹ ਆਵਦੇ ਜਥੇਬੰਦਕ ਕੰਮ ਦੇ ਹੋਰਨਾਂ ਰੁਝੇਵਿਆਂ ਸਦਕਾ ਇਸ ਕੰਮ ਲਈ ਸਮਾਂ ਨਹੀਂ ਕੱਢ ਸਕਦਾ। ਮੈਂ ਕਮੇਟੀ ਵਿੱਚ ਹੋਈ ਕੰਮ-ਵੰਡ ਅਤੇ ਸ਼੍ਰੀ ਸਤਿਆਵਾਨ ਦੇ ਸ਼ਾਮਲ ਨਾ ਹੋ ਸਕਣ ਬਾਰੇ ਸ਼੍ਰੀ ਬੁਰਜ ਗਿੱਲ ਨੂੰ ਜਾਣਕਾਰੀ ਦੇ ਦਿੱਤੀ। ਸ਼੍ਰੀ ਬੁਰਜ ਗਿੱਲ ਨੇ ਇਸ ਪੜਤਾਲ ਨੂੰ ਨਿਬੇੜਨ ਦੀ ਤੱਦੀ ਵਾਲੀ ਲੋੜ ਉੱਤੇ ਹੋਰ ਵਜਨ ਪਾਉਂਦਿਆਂ ਕਿਹਾ ਕਿ ਤੁਸੀਂ ਇਕੱਲੇ ਹੀ ਇਸ ਪੜਤਾਲ ਨੂੰ ਸਿਰੇ ਲਾਓ। ਇਸ ਤਰ੍ਹਾਂ 5 ਮੈਂਬਰੀ ਪੜਤਾਲੀਆ ਕਮੇਟੀ ਦੇ ਕੰਮ ਦਾ ਬੁਹਤਾ ਭਾਰ ਇੱਕ ਮੈਂਬਰ ਸਿਰ ਪੈ ਜਾਣ ਦੀ ਹਕੀਕਤ ਨੂੰ ਪ੍ਰਵਾਨ ਕਰਦੇ ਹੋਏ ਹੀ ਸ਼੍ਰੀ ਬੁਰਜ ਗਿੱਲ ਤੇ ਸ਼੍ਰੀ ਕਾਦੀਆਂ ਨੇ ਇਹ ਸਹਿਮਤੀ ਦਿੱਤੀ। ਇਉਂ ਬੂਟਾ ਸਿੰਘ ਬੁਰਜ ਗਿੱਲ ਤੇ ਹਰਮੀਤ ਸਿੰਘ ਕਾਦੀਆਂ ਦੀ ਸਹਿਮਤੀ ਨਾਲ ਅਗਲੇ ਦਿਨ 27 ਜੁਲਾਈ, 2022 ਦੀ ਅਗਲੀ ਪੜਤਾਲੀਆ ਮੀਟਿੰਗ ਰੱਖ ਲਈ ਗਈ।
ਲੰਮੇਰੀ ਤੇ ਗੁੰਝਲਦਾਰ ਪੜਤਾਲ ਦੇ ਇਸ ਕੰਮ ਨੂੰ ਮੈਂ ਆਪਣੇ ਵੱਲੋਂ ਦੋ ਗੇੜਾਂ ਵਿੱਚ ਨਿਬੇੜਨ ਦਾ ਫੈਸਲਾ ਕਰ ਲਿਆ ਸੀ। ਪਹਿਲੇ ਗੇੜ ਵਿੱਚ ਜਿਹੜੇ ਆਗੂ ਸਾਥੀਆਂ ਬਾਰੇ ਸੁਆਲ ਤੇ ਸ਼ੰਕੇ ਸਨ ਉਹਨਾਂ ਸਾਰਿਆਂ ਵੱਲੋਂ ਪੇਸ਼ ਕੀਤੇ ਜਾਂਦੇ ਪੱਖ ਨੂੰ ਨੋਟ ਕੀਤਾ ਜਾਣਾ ਸੀ। ਇਸ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਦੇ ਆਵਦੇ ਮੂੰਹੋਂ ਦਿੱਤੀ ਜਾਣਕਾਰੀ ਨੂੰ ਉਹਨਾਂ ਦੇ ਬਿਆਨ ਵਜੋਂ ਦਰਜ ਕਰਨਾ ਸੀ। ਦੂਜਾ ਗੇੜ ਸੀ ਸਬੰਧਤ ਸਾਥੀਆਂ ਦੇ ਆਪਣੇ ਬਿਆਨਾਂ ਅਤੇ ਪੜਤਾਲੀਆ ਕਮੇਟੀ ਵੱਲੋਂ ਇਕੱਤਰ ਕੀਤੀਆਂ ਗਈਆਂ ਹੋਰ ਮਹੱਤਵਪੂਰਨ ਜਾਣਕਾਰੀਆਂ ਦੇ ਆਧਾਰ ’ਤੇ ਜਾਂਚ ਪੜਤਾਲ ਅਤੇ ਨਿਪਟਾਰੇ ਦੇ ਰਾਹ ਪੈਣਾ। ਸਚਾਈ ਦੀ ਖੋਜ ਕਰਨਾ, ਸਚਾਈ ਨੂੰ ਸਥਾਪਤ ਕਰਨ ਲਈ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦਾ ਨਿਤਾਰਾ ਕਰਨ ਦੇ ਅਮਲ ’ਚ ਪੈਣਾ। ਜਾਂਚ ਪੜਤਾਲ ਦੇ ਪਹਿਲੇ ਗੇੜ ਵਿੱਚ ਸ਼੍ਰੀ ਬਲਬੀਰ ਸਿੰਘ ਰਾਜੇਵਾਲ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਇਨਕਾਰ ਵਾਰ ਵਾਰ ਮੇਰਾ ਫੋਨ ਨਾ ਚੁੱਕਣ ਰਾਹੀਂ ਕੀਤਾ। ਦੂਜੇ ਸਾਥੀ ਕੁਲਵੰਤ ਸੰਧੂ ਨੇ ਫੋਨ ਉੱਤੇ ਹੋਈ ਗੱਲਬਾਤ ਦੌਰਾਨ ਆਨਾਕਾਨੀ ਕੀਤੀ ਅਤੇ ਕੁਝ ਵੀ ਤਸੱਲੀਬਖਸ਼ ਦੱਸਣ ਜਾਂ ਮਿਲਣ ਦੀ ਚੇਸ਼ਠਾ ਨਹੀਂ ਵਿਖਾਈ। ਇਹ ਸ਼੍ਰੀ ਬੁਰਜ ਗਿੱਲ ਤੇ ਸ਼੍ਰੀ ਕਾਦੀਆਂ ਹੀ ਸਨ ਜੋ ਪੂਰੀ ਦਿਲਚਸਪੀ ਲੈ ਕੇ ਸਹਿਯੋਗ ਦੇ ਰਹੇ ਸਨ ਅਤੇ ਤੱਦੀ ਨਾਲ ਪੜਤਾਲ ਨੂੰ ਮੁਕੰਮਲ ਕਰਨ ਲਈ ਕਹਿ ਰਹੇ ਸਨ। ਇਉਂ 27 ਜੁਲਾਈ 2022 ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਸ਼੍ਰੀ ਬੁਰਜ ਗਿੱਲ ਤੇ ਸ਼੍ਰੀ ਕਾਦੀਆਂ ਨੇ ਮੇਰੇ ਕੋਲ ਲਗਭਗ ਦੋ ਘੰਟਿਆਂ ਵਿੱਚ ਆਵਦੇ ਪੱਖ ਨੂੰ ਦਰਜ ਕਰਵਾਇਆ। ਇਨ੍ਹਾਂ ਬਿਆਨਾਂ ਨੂੰ ਨੋਟ ਕਰਨ ਲਈ ਮੈਂ ਆਪਣੇ ਸਹਿਯੋਗੀ ਵਜੋਂ ਸ਼੍ਰੀ ਰੂਪ ਸਿੰਘ ਛੰਨਾ ਨੂੰ ਨਿਯੁਕਤ ਕਰ ਲਿਆ ਸੀ। ਇਹਨਾਂ ਸਾਥੀਆਂ ਦੇ ਬਿਆਨਾਂ ਦੇ ਮਿਨਟਸ ਵਜੋਂ ਰੂਪ ਸਿੰਘ ਛੰਨਾ ਵਜੋਂ ਮੌਕੇ ’ਤੇ ਨੋਟ ਕੀਤੇ ਨੁਕਤੇ, ਪੜਤਾਲੀਆ ਕਮੇਟੀ ਦੇ ਰਿਕਾਰਡ ਵਿੱਚ ਦਰਜ ਹਨ। ਇਉਂ ਪੜਤਾਲ ਅਧੀਨ ਦੋਹਾਂ ਆਗੂਆਂ ਨੇ ਰੈਲੇ ਅਤੇ ਖੁੱਲੇ ਮਨ ਨਾਲ ਸ਼ਮੂਲੀਅਤ ਕੀਤੀ। ਉਹਨਾਂ ਵੱਲੋਂ ਆਪਣਾ ਪੱਖ ਦਰਜ ਕਰਵਾਉਣ ਦੀ ਕਾਰਵਾਈ ਬਾਕਾਇਦਗੀ ਨਾਲ ਨੇਪਰੇ ਚੜ੍ਹ ਗਈ। ਬਿਆਨ ਦਰਜ ਕਰਵਾਉਣ ਦੇ ਅਮਲ ਦੇ ਅਖੀਰ ’ਤੇ ਸ਼੍ਰੀ ਕਾਦੀਆਂ ਕੁੱਝ ਦੱਸਦੇ ਦੱਸਦੇ ਝਿਜਕ ਗਏ ਅਤੇ ਰੁਕ ਗਏ। ਇਨ੍ਹਾਂ ਦੋਹਾਂ ਸਾਥੀਆਂ ਨੇ ਬਿਆਨ ਦਰਜ ਕਰਵਾਉਣ ਦੀ ਇਸ ਮੀਟਿੰਗ ਨੂੰ ਖਤਮ ਹੋਣ ਸਮੇਂ ਦੱਸਿਆ, ‘‘ਨੋਟ ਕਰਵਾਉਣ ਵਾਲੀਆਂ ਗੱਲਾਂ ਹੋਰ ਵੀ ਹਨ, ਅਸੀਂ ਅੱਗੇ ਦੱਸਾਂਗੇ।’’ ਇਸ ਤੋਂ ਬਾਅਦ 26 ਨਵੰਬਰ 2022 ਦੇ ਦਿਨ ਦਾ ਐਕਸ਼ਨ ਪ੍ਰੋਗਰਾਨ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 4 ਸਤੰਬਰ 2022 ਨੂੰ ਹੋਈ । ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਬੁਰਜ ਗਿੱਲ ਅਤੇ ਸ਼੍ਰੀ ਰਮਿੰਦਰ ਸਿੰਘ ਪਟਿਆਲਾ ਨੇ ਕੀਤੀ। ਇਨ੍ਹਾਂ ਸਾਥੀਆਂ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੀਟਿੰਗ ਵਿੱਚ ਮੈਂ ਪੜਤਾਲੀਆਂ ਕਮੇਟੀ ਵੱਲੋਂ ਚੱਲ ਰਹੀ ਪੜਤਾਲ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਜੇ ਪੜਤਾਲ ਮੁਕੰਮਲ ਕਰਨ ਵਿੱਚ ਸਮਾਂ ਲੱਗੇਗਾ। ਇਸ ਤੋਂ ਬਾਅਦ ਦੇ ਸਮੇਂ ਦੌਰਾਨ ਸ਼੍ਰੀ ਬੁਰਜ ਗਿੱਲ ਨੇ ਉਹ ਜਾਣਕਾਰੀ ਦਰਜ ਕਰਵਾਈ ਜੋ ਬਾਕੀ ਰਹਿੰਦੀ ਸੀ। ਉਨ੍ਹਾਂ ਵੱਲੋਂ ਰੱਖਿਆ ਗਿਆ ਸਭ ਤੋਂ ਮਹੱਤਵਪੂਰਨ ਤੱਥ ਇਹ ਸੀ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਸ਼੍ਰੀ ਤੋਮਰ/ ਸ਼੍ਰੀ ਅਮਿਤ ਸ਼ਾਹ ਨਾਲ ਜਿਹੜੀਆਂ 4-5 ਅਣਅਧਿਕਾਰਤ ਮੀਟਿੰਗਾਂ ਹੋਈਆਂ ਸਨ, ਉਹਨਾਂ ਵਿੱਚ ਸ਼੍ਰੀ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਸਨ। ਮੈਂ ਇਸ ਤੱਥ ਦੀ ਪੁਸ਼ਟੀ ਕਰਨ ਲਈ ਸ਼੍ਰੀ ਡੱਲੇਵਾਲ ਨੂੰ ਰਾਮਪੁਰਾ ਵਿਖੇ ਬੁਲਾਇਆ। ਸ਼੍ਰੀ ਝੰਡਾ ਸਿੰਘ ਜੇਠੂਕੇ, ਸ਼੍ਰੀ ਸ਼ਿੰਗਾਰਾ ਸਿੰਘ ਮਾਨ ਅਤੇ ਸ਼੍ਰੀ ਕਾਕਾ ਸਿੰਘ ਕੋਟੜਾ ਦੀ ਹਾਜ਼ਰੀ ਵਿੱਚ ਪੁੱਛ-ਪੜਤਾਲ ਕੀਤੀ ਗਈ। ਸ਼੍ਰੀ ਡੱਲੇਵਾਲ ਨੇ ਅਜਿਹੀ ਕਿਸੇ ਮੀਟਿੰਗ ਵਿੱਚ ਉਹਨਾਂ ਦੇ ਸ਼ਾਮਲ ਹੋਣ ਨੂੰ ਗਲਤ ਜਾਣਕਾਰੀ ਦੱਸਦੇ ਹੋਏ ਇਨਕਾਰ ਕਰ ਦਿੱਤਾ ਗਿਆ। (ਯਾਦ ਰਹੇ ਸ਼੍ਰੀ ਡੱਲੇਵਾਲ ਇਸ ਸਮੇਂ ਤੱਕ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਚੁੱਕੇ ਸਨ।) ਸੰਯੁਕਤ ਕਿਸਾਨ ਮੋਰਚੇ ਦੀ 14 ਨਵੰਬਰ 2022 ਨੂੰ ਗੁਰਦੁਆਰਾ ਰਕਾਬਗੰਜ ਵਿੱਚ ਹੋਈ ਮੀਟਿੰਗ ਵਿੱਚ ਮੇਰੇ ਵੱਲੋਂ ਉਪਰੋਕਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪੜਤਾਲੀਆ ਕਮੇਟੀ ਦੇ ਅਧਿਕਾਰਤ ਨੁਮਾਇੰਦੇ ਵਜੋਂ ਆਪਣੀ ਜੁੰਮੇਵਾਰੀ ਨਿਭਾਈ ਗਈ।
ਇਸ ਸਮੇਂ ਤੱਕ ਮੇਰੇ ਵੱਲੋਂ ਮਿਥੇ ਗਏ ਪੜਤਾਲ ਦੇ ਪਹਿਲੇ ਗੇੜ ਦਾ ਕੰਮ ਮੁਕੰਮਲ ਹੋ ਚੁੱਕਾ ਸੀ। ਬਿਨਾਂ ਸ਼ੱਕ ਇਸ ਸਮੇਂ ਤੱਕ ਮੇਰੇ ਪਾਸ ਇਸ ਮਸਲੇ ਨਾਲ ਸਬੰਧਤ ਬੇਹੱਦ ਭਰੋਸੇਯੋਗ ਸੂਤਰਾਂ ਤੋਂ ਬੇਹੱਦ ਭਰੋਸੇਯੋਗ ਤੇ ਸਨਸਨੀ ਪੈਦਾ ਕਰਨ ਵਾਲੀ ਢੇਰ ਸਾਰੀ ਹੋਰ ਜਾਣਕਾਰੀ ਜਮ੍ਹਾਂ ਹੋ ਚੁੱਕੀ ਸੀ। ਬਹੁਤ ਸਾਰੀ ਭਰੋਸੇਯੋਗ ਜਾਣਕਾਰੀ ਦਾ ਮੈਂ ਖੁਦ ਚਸ਼ਮਦੀਦ ਗਵਾਹ ਸਾਂ। ਕਿਸਾਨ ਜਥੇਬੰਦੀਆਂ ਦੀਆਂ ਬਹੁਤ ਸਾਰੀਆਂ ਆਗੂ ਪਰਤਾਂ ਗਵਾਹ ਸਨ। ਇਹ ਸਮੱਗਰੀ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦਾ ਨਿਤਾਰਾ ਕਰਨ ਲਈ ਕਾਫੀ ਸੀ। ਇਸ ਜਾਣਕਾਰੀ ਦੇ ਆਧਾਰ ’ਤੇ ਮੁੱਢਲੀ ਨਜ਼ਰੇ ਵੇਖਿਆਂ ਸ਼੍ਰੀ ਬੂਟਾ ਸਿੰਘ ਬੁਰਜ ਗਿੱਲ ਦਾ ਰੋਲ ਕੇਂਦਰੀ ਹਕੂਮਤ ਦੇ ਮਨਸ਼ਿਆਂ ਦੀ ਚੇਤਨ ਤੌਰ ’ਤੇ ਪੂਰਤੀ ਕਰਦਾ ਮਾਲੂਮ ਹੋ ਰਿਹਾ ਸੀ। ਮੈਨੂੰ ਮਹਿਸੂਸ ਹੋਇਆ ਕਿ ਇਸ ਤੱਥ ਦੀ ਪੁਸ਼ਟੀ ਕਰਨ ਲਈ ਬੂਟਾ ਸਿੰਘ ਬੁਰਜ ਗਿੱਲ ਅਤੇ ਉਸ ਨਾਲ ਸਹਿਯੋਗ ਕਰਦੇ ਆ ਰਹੇ ਜਨਰਲ ਸਕੱਤਰ ਸ਼੍ਰੀ ਜਗਮੋਹਣ ਸਿੰਘ ਪਟਿਆਲਾ ਤੱਕ ਸੀਮਤ ਰਹਿਣਾ ਜਾਂਚ-ਪੜਤਾਲ ਦੇ ਕਾਇਦੇ ਦਾ ਉਲੰਘਣ ਕਰਨਾ ਹੋਵੇਗਾ। ਇਸ ਲਈ ਮੈਂ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਸਮੁੱਚੀ ਲੀਡਰਸ਼ਿਪ ਤੱਕ ਪਹੁੰਚ ਕਰਨ ਦਾ ਫੈਸਲਾ ਕਰ ਲਿਆ। ਇਸ ਮਕਸਦ ਨੂੰ ਹਾਸਲ ਕਰਨ ਲਈ ਜਾਂਚ ਪੜਤਾਲ ਅਤੇ ਨਿਤਾਰੇ ਦੇ ਇਸ ਦੂਜੇ ਗੇੜ ਵਾਲਾ ਸੁਆਲਨਾਮਾ ਸਮੁੱਚੀ ਸੂਬਾ ਲੀਡਰਸ਼ਿਪ ਤੱਕ ਪਹੁੰਚਾਉਣਾ ਯਕੀਨੀ ਬਣਾਇਆ। ਇਹ ਸੁਆਲਨਾਮਾ ਮੇਰੇ ਵੱਲੋਂ 6 ਜਨਵਰੀ 2023 ਨੂੰ ਭੇਜਿਆ ਗਿਆ।
ਪੜਤਾਲੀਆ ਕਮੇਟੀ ਦੀ ਪੜਤਾਲ ਦੇ ਪਹਿਲੇ ਗੇੜ ਦੇ 6 ਮਹੀਨੇ ਅਤੇ 3 ਦਿਨਾਂ ਤੱਕ ਸ਼੍ਰੀ ਬੁਰਜ ਗਿੱਲ ਸੰਯੁਕਤ ਕਿਸਾਨ ਮੋਰਚੇ ਨੂੰ, ਇਸ ਦੀ ਪੜਤਾਲੀਆ ਕਮੇਟੀ ਨੂੰ ਅਤੇ ਪੰਜਾਬ ਦੇ ਸਾਥੀਆਂ ਤੋਂ ਪੜਤਾਲ ਕਰ ਰਹੇ ਇਸ ਕਮੇਟੀ ਦੇ ਇੱਕੋ ਇੱਕ ਨੁਮਾਇੰਦੇ ਜੁਗਿੰਦਰ ਸਿੰਘ ਉਗਰਾਹਾਂ ਨੂੰ ਮਾਨਤਾ ਦਿੰਦਾ ਹੈ। ਉਸ ਨੂੰ ਤੱਦੀ ਨਾਲ ਪੜਤਾਲ ਕਰਨ ਲਈ ਕਹਿੰਦਾ ਹੈ, ਸਹਿਯੋਗ ਦਿੰਦਾ ਹੈ ਤੇ ਬਿਆਨ ਦਰਜ ਕਰਵਾਉਂਦਾ ਹੈ। ਸੰਯੁਕਤ ਕਿਸਾਨ ਮੋਰਚੇ ਦੀਆਂ ਉੱਪਰਲੀਆਂ ਮੀਟਿੰਗਾਂ ਵਿੱਚ ਇਸ ਨੁਮਾਇੰਦੇ ਵੱਲੋਂ ਹਰ ਵਾਰ ਕੀਤੀ ਜਾਂਦੀ ਰਿਪੋਰਟ ਨੂੰ ਸੁਣਦਾ, ਸਮਝਦਾ, ਸਲਾਹੁੰਦਾ ਅਤੇ ਪ੍ਰਵਾਨਗੀ ਦਿੰਦਾ ਹੈ। ਪਰ ਜਾਂਚ-ਪੜਤਾਲ ਅਤੇ ਨਿਤਾਰੇ ਵਾਲੇ ਦੂਜੇ ਗੇੜ ਦੇ ਸ਼ੁਰੂਆਤੀ ਸਮੇਂ ਵਿੱਚ ਹੀ ਸ਼੍ਰੀ ਬੁਰਜ ਗਿੱਲ ਅੱਖਾਂ ਫੇਰ ਲੈਂਦਾ ਹੈ। ਹੁਣ ਤੱਕ ਪੜਤਾਲ ਵਿੱਚ ਸ਼ਾਮਲ ਹੋਇਆ ਆਉਂਦਾ ਸ਼੍ਰੀ ਬੁਰਜ ਗਿੱਲ ਪਲਟਾ ਮਾਰ ਜਾਂਦਾ ਹੈ। ਪੜਤਾਲੀਆ ਕਮੇਟੀ ਦੇ ਅਧਿਕਾਰਤ ਨੁਮਾਇੰਦੇ ਨੂੰ, ਪੜਤਾਲੀਆ ਕਮੇਟੀ ਨੂੰ ਅਤੇ ਅਸਲ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਚੋਟ ਨਿਸ਼ਾਨੇ ’ਤੇ ਲੈ ਆਉਂਦਾ ਹੈ। ਕਈ ਮਹੀਨਿਆਂ ਤੋਂ ਕਾਇਦੇ ਅਨੁਸਾਰ ਚੱਲ ਰਹੀ ਅੰਦਰੂਨੀ ਘੋਖ-ਪੜਤਾਲ ਨੂੰ ਜਨਤਕ ਭੰਡੀ ਪ੍ਰਚਾਰ ਦੀ ਮੋਰਚਾ ਖਿੰਡਾਊ ਮੁਹਿੰਮ ਵਿੱਚ ਪਲਟ ਦਿੰਦਾ ਹੈ। ਸੋ ਇਹ ਹੈ ਉਹ ਸਮੁੱਚਾ ਪ੍ਰਸੰਗ ਜਿਸ ਵਿੱਚ ਸ਼੍ਰੀ ਬੂਟਾ ਸਿੰਘ ਬੁਰਜ ਗਿੱਲ ਪੜਤਾਲ ਤੋਂ ਇਨਕਾਰੀ ਹੋ ਬੈਠਾ ਹੈ।
ਸੋ ਉਸ ਵੱਲੋਂ ਪੜਤਾਲ ਤੋਂ ਇਨਕਾਰੀ ਹੋਣ ਲਈ ਪੇਸ਼ ਕੀਤੇ ਜਾ ਰਹੇ ਆਧਾਰ ਦਾ ਸੰਖੇਪ ਜੁਆਬ ਇਸ ਤਰ੍ਹਾਂ ਹੈ:
1) ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਸੂਬਾ ਕਮੇਟੀ ਨੂੰ ਭੇਜਿਆ ਗਿਆ ਸੁਆਲਨਾਮਾ ਪੜਤਾਲੀਆ ਕਮੇਟੀ ਦੇ ਅਧਿਕਾਰਤ ਨੁਮਾਇੰਦੇ ਜੁਗਿੰਦਰ ਸਿੰਘ ਉਗਰਾਹਾਂ ਵੱਲੋਂ ਭੇਜਿਆ ਗਿਆ ਹੈ, ਕਮੇਟੀ ਵੱਲੋਂ ਨਹੀਂ। ਇਸੇ ਲਈ ਇਸ ਉੱਪਰ ਦਸਤਖ਼ਤ ਕਰਨ ਵਾਲੀ ਥਾਂ ’ਤੇ ‘‘ਵਾਸਤੇ ਪੜਤਾਲੀਆ ਕਮੇਟੀ ਸੰਯੁਕਤ ਕਿਸਾਨ ਮੋਰਚਾ’’ ਲਿਖਿਆ ਗਿਆ ਹੈ, ਨਾ ਕਿ ‘‘ਵੱਲੋਂ ਪੜਤਾਲੀਆ ਕਮੇਟੀ ਸੰਯੁਕਤ ਕਿਸਾਨ ਮੋਰਚਾ’’ ਲਿਖਿਆ ਗਿਆ ਹੈ। ਪੰਜਾਬ ਵਿੱਚ ਪਿਛਲੇ 6-7 ਮਹੀਨਿਆਂ ਤੋਂ ਇਸ ਮੁੱਦੇ ’ਤੇ ਚੱਲ ਰਹੀ ਪੜਤਾਲ ਇਸੇ ਨੁਮਾਇੰਦੇ ਵਜੋਂ ਕੀਤੀ ਜਾ ਰਹੀ ਹੈ।
2) ਪੜਤਾਲੀਆ ਕਮੇਟੀ ਦੇ ਗਠਨ ਤੋਂ ਲੈ ਕੇ ਹੁਣ ਤੱਕ, ਪੜਤਾਲੀਆ ਕਮੇਟੀ ਦੀਆਂ ਕੋਈ ਵੱਖਰੀਆਂ ਮੀਟਿੰਗਾਂ ਨਹੀਂ ਹੋਈਆਂ। ਫੋਨਾਂ ਰਾਹੀਂ ਰਾਬਤਾ ਬਣਿਆ ਰਿਹਾ ਹੈ। ਪਰ ਕਮੇਟੀ ਵੱਲੋਂ ਚੱਲ ਰਹੀ ਪੜਤਾਲ ਦੀ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਦੀ ਲਗਭਗ ਹਰ ਕੇਂਦਰੀ ਮੀਟਿੰਗ ਵਿੱਚ ਦਿੱਤੀ ਜਾ ਰਹੀ ਹੈ।
3) ਪੜਤਾਲੀਆ ਕਮੇਟੀ ਜਾਂ ਇਸ ਦੇ ਨੁਮਾਇੰਦੇ ਨੇ ਸ਼੍ਰੀ ਬੂਟਾ ਸਿੰਘ ਦੇ ਰੋਲ ਅਤੇ ਕਿਰਦਾਰ ਬਾਰੇ ਕੋਈ ਅੰਤਿਮ ਫੈਸਲਾ ਜਾਂ ਨਿਪਟਾਰਾ ਨਹੀਂ ਕੀਤਾ। ਕੋਈ ਅੰਤ੍ਰਿਮ ਜਾਂ ਅਧੂਰਾ ਫੈਸਲਾ/ਫਤਵਾ ਵੀ ਜਾਰੀ ਨਹੀਂ ਕੀਤਾ। ਸਗੋਂ ਪੜਤਾਲ ਨੂੰ ਅੱਗੇ ਤੋਰਨ ਲਈ ਕਾਇਦੇ ਦੀ ਪਾਲਣਾ ਕਰਦੇ ਹੋਏ ਸੁਆਲਨਾਮਾ ਜਾਰੀ ਕੀਤਾ ਹੈ। ਇਸ ਸੁਆਲਨਾਮੇ ਦੇ ਆਧਾਰ ’ਤੇ ਐਸ. ਕੇ. ਐਮ. ਦੀ ਕੇਂਦਰੀ ਮੀਟਿੰਗ ਵਿੱਚ ਲੱਗਣ ਵਾਲੇ ਅਜੰਡੇ ਅਤੇ ਹੋਣ ਵਾਲੀ ਚਰਚਾ ਦੀ ਜਾਣਕਾਰੀ ਭੇਜੀ ਹੈ। ਅੰਦਰੂਨੀ ਬਹਿਸ-ਵਿਚਾਰ ਅਤੇ ਜਾਂਚ ਪੜਤਾਲ ਦੇ ਨਿਯਮਾਂ ਦੀ ਕਰੜਾਈ ਨਾਲ ਪਾਲਣਾ ਕੀਤੀ ਹੈ।
4) ਪੜਤਾਲੀਆ ਕਮੇਟੀ ਅੱਗੇ ਜਵਾਬਦੇਹੀ ਸਿਰਫ਼ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਹੀ ਨਹੀਂ ਹੈ, ਸਮੁੱਚੀਆਂ ਜਥੇਬੰਦੀਆਂ ਦੀ ਹੈ। 3 ਜੁਲਾਈ 2022 ਦੀ ਮੀਟਿੰਗ ਦੇ ਫੈਸਲਿਆਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਅਤੇ ਉਹਨਾਂ ਦੀਆਂ ਸਾਰੀਆਂ ਕਮੇਟੀਆਂ ਪੜਤਾਲ ਵਿੱਚ ਸਹਿਯੋਗ ਕਰਨ ਲਈ ਵਚਨਬੱਧ ਹਨ। ਸਾਰੀਆਂ ਜਥੇਬੰਦੀਆਂ ਦੀ ਸਮੁੱਚੀ ਮੈਂਬਰਸ਼ਿਪ ਇਸ ਲਈ ਵਚਨਬੱਧ ਹੈ। ਸਾਂਝੀ ਕਿਸਾਨ ਲਹਿਰ ਦੇ ਦਾਮਨ ਨੂੰ ਪਾਕ-ਪਵਿੱਤਰ ਰੱਖਣਾ ਸਭਨਾਂ ਦੀ ਅਣਸਰਦੀ ਲੋੜ ਤੇ ਜੁੰਮੇਵਾਰੀ ਹੈ। ਇਸੇ ਲਈ ਸਭਨਾਂ ਹਿੱਸੇਦਾਰਾਂ ਵੱਲੋਂ ਜਥੇਬੰਦਕ ਕਾਇਦੇ ਮੁਤਾਬਕ ਇਸ ਪੜਤਾਲ ਵਿੱਚ ਸਰਗਰਮ ਦਖ਼ਲਅੰਦਾਜੀ ਕਰਨੀ ਚਾਹੀਦੀ ਹੈ। ਇਸ ਤੋਂ ਅਗਲੀ ਗੱਲ ਇਹ ਹੈ ਕਿ ਹਿਸਾਬ-ਕਿਤਾਬ ਅਤੇ ਮਿਲੀ-ਭੁਗਤ ਦੇ ਮੁੱਦਿਆਂ ਦੀ ਪੜਤਾਲ ਕਰਨ ਵਾਲੀਆਂ ਕਮੇਟੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਘੇਰਿਆਂ ਤੋਂ ਬਾਹਰੋਂ ਵੀ ਪੜਤਾਲ ਕਰਨ ਦੀਆਂ ਹੱਕਦਾਰ ਹਨ। ਇਹ ਹਮੇਸ਼ਾਂ ਇਉਂ ਹੀ ਹੁੰਦਾ ਹੈ। ਉਦਾਹਰਣ ਲਈ ਕਿਸੇ ਸਰਪੰਚ ਦੇ ਘਰੋਂ ਹੋਈ ਚੋਰੀ ਦੇ ਮਾਲ ਦੀ ਗਵਾਹੀ ਚੋਰੀ ਦੇ ਮਾਲ ਦਾ ਖਰੀਦਦਾਰ ਕਬਾੜੀਆ ਦੇ ਸਕਦਾ ਹੈ। ਇਵੇਂ ਹੀ ਮੰਤਰੀ ਦੇ ਘਰੋਂ ਦਾਰੂ ਨਾਲ ਡੱਕ ਕੇ ਨਿਕਲਣ ਵਾਲੇ ਨੇਤਾ ਬਾਰੇ ਗਵਾਹੀ ਗਲੀ ਦਾ ਚੌਂਕੀਦਾਰ ਵੀ ਦੇ ਸਕਦਾ ਹੈ, ਗਵਾਂਢੀਆਂ ਦੀ ਸੀ. ਸੀ. ਟੀ. ਵੀ. ਕੈਮਰਾ ਵੀ ਦੇ ਸਕਦਾ ਹੈ। ਕਿਸੇ ਜਥੇਬੰਦੀ ਦੀ ਸੂਬਾ ਲੀਡਰਸ਼ਿਪ ਤਾਂ ਕਿਸਾਨ ਲਹਿਰ ਦੇ ਹਿਤਾਂ ਦੀ ਪਹਿਰੇਦਾਰ ਵਾਲੀ ਹੈਸੀਅਤ ਰੱਖਦੀ ਹੈ। ਉਸ ਦਾ ਦਖ਼ਲ ਮੰਗਣਾ ਤਾਂ ਪੂਰੀ ਤਰ੍ਹਾਂ ਵਾਜਬ ਹੈ। ਹਮੇਸ਼ਾਂ ਵਾਜਬ ਹੀ ਹੁੰਦਾ ਹੈ।
5) ਪੜਤਾਲੀਆ ਕਮੇਟੀ ਦੀ ਪੜਤਾਲ ਤੋਂ ਇਨਕਾਰੀ ਹੋਣਾ ਅਤੇ ਇਸ ਖਿਲਾਫ਼ ਹਮਲਾਵਰ ਹੋਣਾ ਆਪਣੇ ਆਪ ’ਚ ਇੱਕ ਸੁਨੇਹਾ ਬਣ ਗਿਆ ਹੈ। ਕੀ ਇਹ ਦੋਸ਼ੀ ਹੋਣ ਦਾ ਇਕਬਾਲ ਬਣਦਾ ਹੈ ? !
ਨਤੀਜਾ:
ਇਸ ਲਈ ਪੜਤਾਲ ਵਿੱਚ ਸਹਿਯੋਗ ਕਰਨ ਤੋਂ ਮੁਨਕਰ ਹੋਣ ਲਈ ਸ਼੍ਰੀ ਬੁਰਜ ਗਿੱਲ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਦਲੀਲਾਂ ਹਕੀਕਤ ਦਾ ਸ਼ਕਲ ਵਿਗਾੜ ਹਨ, ਗਲਤ ਤੇ ਗੁਮਰਾਹਕੁੰਨ ਹਨ। ਇਸ ਲਈ ਪੜਤਾਲ ਵਿੱਚ ਸ਼ਾਮਲ ਰਹਿਣ ਤੋਂ ਮੁਨਕਰ ਹੋਣਾ ਆਪਣੇ ਆਪ ਵਿੱਚ ਇੱਕ ਸੁਨੇਹਾ ਬਣਦਾ ਹੈ। ਮੈਂ ਸ਼੍ਰੀ ਬੁਰਜ ਗਿੱਲ ਨੂੰ ਪੜਤਾਲੀਆ ਕਮੇਟੀ ਦੇ ਨੁਮਾਇੰਦੇ ਦੀ ਹੈਸੀਅਤ ਵਿੱਚ ਜੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਉਹ ਪੜਤਾਲ ਵਿੱਚ ਸਹਿਯੋਗ ਤੋਂ ਮੁਨਕਰ ਹੋਣ ਦੇ ਰਾਹ ਦਾ ਤਿਆਗ ਕਰੇ, ਭੰਡੀ ਪ੍ਰਚਾਰ ਮੁਹਿੰਮ ਅਤੇ ਲਹਿਰ ਖਿੰਡਾਊ ਮੁਹਿੰਮ ਦਾ ਤਿਆਗ ਕਰੇ। 9 ਫਰਵਰੀ 2023 ਦੀ ਕੇਂਦਰੀ ਮੀਟਿੰਗ ਵਿੱਚ ਆਵਦਾ ਪੱਖ ਰੱਖਣ ਅਤੇ ਦੂਜਿਆਂ ਦਾ ਪੱਖ ਸੁਣਨ ਲਈ ਹਾਜ਼ਰ ਹੋਵੇ।
ਵੱਲੋਂ – ਜੁਗਿੰਦਰ ਸਿੰਘ ਉਗਰਾਹਾਂ
ਵਾਸਤੇ ਪੜਤਾਲੀਆ ਕਮੇਟੀ,
ਸੰਯੁਕਤ ਕਿਸਾਨ ਮੋਰਚਾ
ਵੱਲੋਂ : (ਪੜਤਾਲੀਆ ਕਮੇਟੀ)
ਸੰਯੁਕਤ ਕਿਸਾਨ ਮੋਰਚਾ
ਵੱਲ: ਸੂਬਾ ਕਮੇਟੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਮਿਤੀ -…………………….
ਵਿਸ਼ਾ: ਤਿੰਨ ਕਾਲੇ ਕਾਨੂੰਨਾਂ ਵਿਰੁੱਧ ਘੋਲ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਕੇਂਦਰ ਸਰਕਾਰ ਨਾਲ ਅਣ-ਅਧਿਕਾਰਤ ਅਤੇ ਇਤਰਾਜਯੋਗ ਰਿਸ਼ਤਾ ਰੱਖਣ, ਸਮਝੌਤਾ ਕਰਨ ਅਤੇ ਫੰਡਾਂ ਦਾ ਹਿਸਾਬ ਨਾ ਦੇਣ ਅਧੀਨ ਮੁੱਦੇ ’ਤੇ ਜਥੇਬੰਦੀ ਦੇ ਪੱਖ ਨੂੰ ਪ੍ਰਾਪਤ ਕਰਨ ਬਾਰੇ।
ਸਾਥੀਓ,
ਇਸ ਮੁੱਦੇ ਦੀ ਪੜਤਾਲ ਲਈ ਬਣੀ ਹੋਈ ਕਮੇਟੀ ਕੋਲ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਬਾਰੇ ਜੋ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਸਾਨੂੰ ਪ੍ਰਾਪਤ ਹੋਈ ਹੈ, ਉਸ ਬਾਰੇ ਅਸੀਂ ਤੁਹਾਡੀ ਜਥੇਬੰਦੀ ਦੇ ਮੱਤ ਨੂੰ ਜਾਨਣਾ ਜ਼ਰੂਰੀ ਸਮਝਦੇ ਹਾਂ।
ਪਹਿਲਾ) ਕੀ ਦਰਜ਼ ਹੋਈ ਜਾਣਕਾਰੀ ਤੱਥਾਂ ਪੱਖੋਂ ਸਹੀ ਹੈ?
ਦੂਜਾ ) ਕੀ ਸੂਬਾ ਪ੍ਰਧਾਨ ਨੇ ਜਥੇਬੰਦੀ ਦੀ ਸਮਝ ਦੀ ਨੁਮਾਇੰਗੀ ਕਰਦਿਆਂ ਇਹ ਪੁਜੀਸ਼ਨਾਂ ਲਈਆਂ ਹਨ?
ਤੀਜਾ) ਤੁਹਾਡੀ ਜਥੇਬੰਦੀ ਸੂਬਾ ਪ੍ਰਧਾਨ ਦੇ ਅਜਿਹੇ ਅਣ-ਅਧਿਕਾਰਤ ਅਤੇ ਇਤਰਾਜਯੋਗ ਰੋਲ ਨੂੰ ਖਾਰਜ ਕਰਨ ਲਈ ਕੀ ਉਪਾਅ ਕਰ ਰਹੀ ਹੈ? ਐਸ.ਕੇ.ਐਮ. ਨੂੰ ਕੀ ਕਰਨ ਦਾ ਸੁਝਾਅ ਦਿੰਦੀ ਹੈ?
ਬੂਟਾ ਸਿੰਘ ਬੁਰਜਗਿੱਲ ਦਾ ਇਤਰਾਜਯੋਗ ਰੋਲ
(ੳ) ਸੰਯੂਕਤ ਕਿਸਾਨ ਮੋਰਚੇ ਦੇ ਕੇਂਦਰ ਸਰਕਾਰ ਨਾਲ ਗੱਲ ਬਾਤ ਦੇ 14 ਗੇੜ ਚੱਲੇ ਹਨ। ਇਸ ਗੱਲਬਾਤ ਲਈ ਕਿਸਾਨ ਧਿਰਾਂ ਦੇ ਪੱਖ ਦੀ ਵਜਾਹਤ ਕਰਨ ਵਾਲੇ ਨੁਮਾਇੰਦੇ ਨਿਸ਼ਚਤ ਹੁੰਦੇ ਸਨ। ਗੱਲਬਾਤ ਦੌਰਾਨ ਛੋਟਾਂ ਦੇਣ ਜਾਂ ਲਚਕ ਦੇਣ ਜਾਂ ਨਾ ਦੇਣ ਦਾ ਫੈਸਲਾ ਵੀ ਐਸ.ਕੇ.ਐਮ. ਦੀ 40 ਮੈਂਬਰੀ ਟੀਮ ਵਿਚ ਹੀ ਕੀਤਾ ਜਾਂਦਾ ਸੀ। ਸਰਕਾਰ ਨਾਲ ਮੀਟਿੰਗ ਦੌਰਾਨ ਕੋਈ ਛੋਟ ਦੇਣ ਦਾ ਅਧਿਕਾਰ ਕਿਸੇ ਵੀ ਮੈਂਬਰ ਜਾਂ ਮੈਂਬਰ ਸਮੂਹ ਕੋਲ ਨਹੀਂ ਸੀ ਹੁੰਦਾ। ਗੱਲਬਾਤ ਦੇ ਸਾਰੇ ਗੇੜਾਂ ਦੌਰਾਨ ਐਸ.ਕੇ.ਐਮ ਦੀ ਅਧਿਕਾਰਤ ਪੁਜੀਸ਼ਨ ਸਾਰੇ ਕਾਨੂੰਨਾਂ ਨੂੰ ਬਿਨਾਂ ਸ਼ਰਤ ਵਾਪਸ ਲੈਣ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਲੈਣ ਦੀ ਰਹੀ ਹੈ। ਪਰ ਬੂਟਾ ਸਿੰਘ ਬੁਰਜਗਿੱਲ ਨੇ ਇਸ ਫੈਸਲੇ ਦਾ ਕਦੇ ਵੀ ਪਾਲਣ ਨਹੀਂ ਕੀਤਾ। ਉਸ ਨੇ 14 ਨਵੰਬਰ ਦੀ ਪਹਿਲੀ ਸਮਝੌਤਾ ਵਾਰਤਾ ਦੌਰਾਨ ਐਸ.ਕੇ.ਐਮ. ਦੀ ਸਮੁੱਚੀ ਲੀਡਰਸ਼ਿੱਪ ਦੀ ਮੌਜੂਦਗੀ ਵਿਚ, ਐਸ.ਕੇ.ਐਮ. ਦੀਆਂ ਸਮਝੌਤਾ ਸ਼ਰਤਾਂ ਨਾਲ ਟਕਰਾਵੀਂ ਪੇਸ਼ਕਸ਼ ਕੇਂਦਰ ਸਰਕਾਰ ਦੇ ਮੁੱਖ ਵਾਰਤਾਕਾਰ ਖੇਤੀਬਾੜੀ ਮੰਤਰੀ ਸ੍ਰੀ ਤੋਮਰ ਦੇ ਅੱਗੇ ਰਖਦਿਆਂ ਕਿਹਾ, ‘‘ਪੰਜਾਬ ਲਈ ਐਮ.ਐਸ.ਪੀ. ਯਕੀਨੀ ਕਰ ਦਿਓ ਤੇ ਤਿੰਨੇ ਖੇਤੀ ਕਾਨੂੰਨ ਲਾਗੂ ਕਰ ਲਓ।’’ ਬੂਟਾ ਸਿੰਘ ਦੀ ਇਹ ਪੇਸ਼ਕਸ਼ ਅਣ-ਅਧਿਕਾਰਤ ਦਖਲਅੰਦਾਜ਼ੀ ਸੀ। ਕੇਂਦਰ ਸਰਕਾਰ ਦੇ ਹਿੱਤਾਂ ਦੀ ਪੂਰਤੀ ਕਰਦੀ ਸੀ।
ਕੇਂਦਰ ਸਰਕਾਰ ਨਾਲ ਗੱਲਬਾਤ ਵਿੱਚ ਡੈੱਡਲਾਕ ਪੈਦਾ ਹੋਣ ਵਾਲੀ ਆਖਰੀ ਮੀਟਿੰਗ 22 ਜਨਵਰੀ 2021 ਨੂੰ ਹੋਈ ਸੀ। ਇਸ ਮੀਟਿੰਗ ਦੇ ਸਮੇਂ ਦਿੱਲੀ ਅੰਦਰ ਜਾ ਕੇ ਟਰੈਕਟਰ ਮਾਰਚ ਕਰਨ ਲਈ ਪੰਜਾਬ, ਹਰਿਆਣਾ ਤੇ ਯੂ ਪੀ ਵਿਚ ਮਹੌਲ ਸਿਰੇ ਦੇ ਭਖਾਅ ਵਿਚ ਸੀ। ਦੂਜੇ ਪਾਸੇ ਕੇਂਦਰ ਸਰਕਾਰ ਤੇ ਉਸ ਦੀਆਂ ਏਜੰਸੀਆਂ ਵੱਲੋਂ ਜਾਬਰ ਕਦਮਾਂ ਰਾਹੀਂ ਅਤੇ ਮੋਰਚੇ ਨੂੰ ਅੰਦਰੋਂ ਪ੍ਰਭਾਵਤ ਕਰਨ ਰਾਹੀਂ ਜੋਰਦਾਰ ਕਦਮ ਚੁੱਕੇ ਜਾ ਰਹੇ ਸਨ। ਸਾਡੇ ਪਾਸ ਭਰੋਸੇਯੋਗ ਜਾਣਕਾਰੀ ਮੌਜੂਦ ਹੈ ਕਿ 22 ਜਨਵਰੀ ਦੀ ਗੱਲਬਾਤ ਵਾਲੀ ਮੀਟਿੰਗ ਤੋਂ ਪਹਿਲਾਂ ਅਤੇ ਮੀਟਿੰਗ ਦੇ ਦੌਰਾਨ ਕੇਂਦਰੀ ਏਜੰਸੀਆਂ ਅਤੇ ਵਾਰਤਾਕਾਰਾਂ ਵੱਲੋਂ ਚੋਣਵੇਂ ਆਗੂਆਂ ਕੋਲ ਇਹ ਪੇਸ਼ਕਸ਼ ਕੀਤੀ ਗਈ ਕਿ ਤਿੰਨ ਕਾਨੂੰਨ ਪਿੱਛੇ ਪਾ ਦਿੱਤੇ ਜਾਣ ਦੀ ਸ਼ਰਤ ’ਤੇ ਘੋਲ ਸਮਾਪਤ ਕਰ ਦਿੱਤਾ ਜਾਵੇ। ਉਹਨਾਂ ਇਹ ਪ੍ਰਚਾਰ ਵੀ ਕੀਤਾ ਕਿ ਜੇਕਰ ਇਸ ਮੀਟਿੰਗ ਵਿਚ ਅਜਿਹਾ ਨਿਪਟਾਰਾ ਨਾ ਹੋਇਆ ਤਾਂ ਖੂਨ ਖਰਾਬਾ ਹੋਵੇਗਾ। ਬੂਟਾ ਸਿੰਘ ਬੁਰਜਗਿੱਲ ਇਸ ਪੇਸ਼ਕਸ਼ ਦੀ ਹਾਮੀ ਭਰਦਾ ਰਿਹਾ ਹੈ। ਉਸ ਨੇ ਇਹ ਹਾਮੀ ਮੀਟਿੰਗ ਤੋਂ ਪਹਿਲਾਂ ਅਤੇ ਮੀਟਿੰਗ ਦਰਮਿਆਨ ਪਈ 2 ਘੰਟਿਆਂ ਦੀ ਬਰੇਕ ਦੌਰਾਨ ਵੀ ਭਰੀ ਸੀ। ਉਸ ਨੇ ਇਹ ਹਾਮੀ ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੀ ਅਫਸਰਾਂ ਦੀ ਟੀਮ ਕੋਲੇ ਅਤੇ ਮੁੱਖ ਵਾਰਤਾਕਾਰ ਸ੍ਰੀ ਤੋਮਰ ਕੋਲ ਭਰੀ ਸੀ। ਇਸ ਮੀਟਿੰਗ ਦੌਰਾਨ ਗੱਲਬਾਤ ਵਿਚ ਡੈੱਡਲਾਕ ਆ ਗਿਆ। 26 ਜਨਵਰੀ 2021 ਨੂੰ ਮੋਰਚੇ ਨੂੰ ਉਖਾੜ ਸੁੱਟਣ ਦੇ ਯਤਨ ਨਾਕਾਮ ਕਰ ਦਿੱਤੇ ਗਏ। ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਬੂਟਾ ਸਿੰਘ ਬੁਰਜਗਿੱਲ ਅਤੇ ਹਰਮੀਤ ਸਿੰਘ ਕਾਦੀਆਂ ਪਾਸੋਂ ਇਸ ਮਸਲੇ ਬਾਰੇ ਰਸਮੀ ਤੌਰ ’ਤੇ ਪ੍ਰਾਪਤ ਕੀਤੀ ਗਈ ਜਾਣਕਾਰੀ ਵਿਚ ਇਹਨਾਂ ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਡੈੱਡਲਾਕ ਦੌਰਾਨ ਗ੍ਰਹਿ ਮੰਤਰੀ ਅਮਿੱਤ ਸ਼ਾਹ ਨਾਲ ਗੱਲਬਾਤ ਦੇ ਕਈ ਗੇੜ ਚੱਲੇ ਹਨ। ਉਹਨਾਂ ਦੇ ਦੱਸਣ ਮੁਤਾਬਕ 22 ਜਨਵਰੀ ਦੀ ਮੀਟਿੰਗ ਵਿਚ ਡੈੱਡਲਾਕ ਪੈਦਾ ਹੋਣ ਤੋਂ ਅਗਲੇ ਦਿਨਾਂ ਵਿਚ ਕੇਂਦਰੀ ਮੰਤਰੀ ਅਮਿੱਤ ਸ਼ਾਹ ਦਾ ਬੂਟਾ ਸਿੰਘ ਬੁਰਜਗਿੱਲ ਨੂੰ ਫੋਨ ਆਇਆ ਕਿ ਉਹ ਗੱਲਬਾਤ ਜਾਰੀ ਰੱਖਣ। ਸ਼ਰਤਾਂ ਬਹੁਤੀਆਂ ਨਾ ਲਾਉਣ ਅਤੇ ਸਮਝੌਤਾ ਸਿਰੇ ਚਾੜ੍ਹਨ ਲਈ ਆਵਦੇ ਵੱਲੋਂ ਡਰਾਫਟ ਭੇਜਣ। ਬੂਟਾ ਸਿੰਘ ਤੇ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਇਸ ਮਕਸਦ ਲਈ ਉਸ ਨੇ ਬਲਵੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਸੰਧੂ ਨੂੰ ਨਾਲ ਸ਼ਾਮਲ ਕੀਤਾ ਅਤੇ ਡਰਾਫਟ ਬਣਾ ਕੇ ਭੇਜਿਆ ਜਿਸ ਵਿਚ ਠੇਕਾ ਖੇਤੀ ਵਾਲੇ ਕਾਨੂੰਨ ਨੂੰ ਮਾਡਲ ਐਕਟ ਬਣਾ ਕੇ ਰਾਜ ਸਰਕਾਰਾਂ ਦੀ ਮਰਜ਼ੀ ’ਤੇ ਛੱਡਣ ਦੀ ਛੋਟ ਦਿੱਤੀ ਗਈ ਸੀ। ਬਾਕੀ ਮੰਗਾਂ ਐਸ.ਕੇ.ਐਮ. ਦੀ ਬਕਾਇਦਾ ਪੁਜੀਸ਼ਨ ਨਾਲ ਮੇਲ ਖਾਂਦੀਆਂ ਰੱਖੀਆਂ ਗਈਆਂ ਸਨ। ਉਹਨਾਂ ਮੁਤਾਬਕ ਇਸ ਡਰਾਫਟ ਨੂੰ ਅਮਿੱਤ ਸ਼ਾਹ ਨੇ ਰੱਦ ਕਰ ਦਿੱਤਾ। ਇਹਨਾਂ ਦੋਹਾਂ ਆਗੂਆਂ ਨੇ ਇਹ ਪ੍ਰਵਾਨ ਕੀਤਾ ਹੈ ਕਿ ਉਹਨਾਂ ਨੇ ਇੱਕ ਹੋਰ ਡਰਾਫਟ ਬਣਾ ਕੇ ਕੇਂਦਰੀ ਮੰਤਰੀ ਅਮਿੱਤ ਸ਼ਾਹ ਨੂੰ ਭੇਜਿਆ।
(ਅ) ਬਾਅਦ ’ਚ ਡੱਲੇਵਾਲ ਤੇ ਚੜੂਨੀ ਧੜੇ ਵੱਲੋਂ ਕੀਤੇ ਗਏ ਖੁੱਲ੍ਹਆਮ ਪ੍ਰਚਾਰ ਅਤੇ ਕੁੱਝ ਹੋਰ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਚੱਲਿਆ ਹੈ ਕਿ ਗੱਲਬਾਤ ਅਸਲ ’ਚ ਰਾਅ ਦੇ ਅਧਿਕਾਰੀਆਂ ਨਾਲ ਚੱਲੀ ਜੋ ਸਰਕਾਰ ਦੀ ਤਰਫੋਂ ਵਿਚੋਲਗੀ ਕਰ ਰਹੇ ਸਨ। ਉਹਨਾਂ ਨਾਲ ਸਿਰਫ ਇੱਕ ਕਾਨੂੰਨ ਦੀ ਵਾਪਸੀ ਅਤੇ ਐਮ.ਐਸ.ਪੀ. ’ਤੇ ਕਮੇਟੀ ਬਣਾਉਣ ਦੀ ਯਕੀਨ ਦਹਾਨੀ ’ਤੇ ਘੋਲ ਸਮਾਪਤ ਕਰਨ ’ਤੇ ਸਹਿਮਤੀ ਦੇ ਦਿੱਤੀ ਗਈ ਅਤੇ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਚਿੱਠੀ ਵੀ ਭੇਜ ਦਿੱਤੀ ਗਈ। ਐਡੀ ਵੱਡੀ ਕਾਰਵਾਈ ਬਾਰੇ ਸੰਯੁਕਤ ਕਿਸਾਨ ਮੋਰਚੇ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ ਗਈ। ਅਜਿਹਾ ਕਰਨ ਦੀ ਕੀ ਵਾਜਬੀਅਤ ਹੈ?
(ੲ) ਮੋਦੀ ਵੱਲੋਂ ਤਿੰਨ ਕਾਨੂੰਨ ਵਾਪਸ ਲੈਣ ਦੇ ਇਕਤਰਫਾ ਐਲਾਨ ਤੋਂ ਬਾਅਦ ਬਿਜਲੀ ਸੋਧ ਬਿੱਲ, ਖੇਤੀਬਾੜੀ ਨੂੰ ਪ੍ਰਦੂਸ਼ਣ ਬਾਰੇ ਕਾਨੂੰਨ ’ਚੋਂ ਬਾਹਰ ਰੱਖਣ, ਐਮ.ਐਸ.ਪੀ. ਦੀ ਗਰੰਟੀ ਕਰਨ, ਝੂਠੇ ਕੇਸ ਵਾਪਸ ਕਰਨ, ਸ਼ਹੀਦ ਹੋਏ ਕਿਸਾਨ ਸਾਥੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਵਰਗੀਆਂ ਮੰਗਾਂ ਅਜੇ ਉਸੇ ਤਰ੍ਹਾਂ ਖੜ੍ਹੀਆਂ ਸਨ ਪਰ ਬੂਟਾ ਸਿੰਘ ਬੁਰਜਗਿੱਲ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਕਾਨੂੰਨ ਤਾਂ ਵਾਪਸ ਹੋ ਗਏ ਹਨ, ਹੁਣ ਕੀ ਰਹਿ ਗਿਆ ਹੈ, ਧਰਨਾ ਫੌਰੀ ਤੌਰ ’ਤੇ ਚੁੱਕ ਲੈਣਾ ਚਾਹੀਦਾ ਹੈ ਕਿਉਂਕਿ ਸਰਕਾਰ ਬਾਕੀ ਮੰਗਾਂ ਮੰਨਣ ਦਾ ਉਹਨਾਂ ਨਾਲ ਜੁਬਾਨੀ ਵਾਅਦਾ ਕਰ ਚੁੱਕੀ ਹੈ। ਸਰਕਾਰ ਤੋਂ ਬਕਾਇਆ ਮੰਗਾਂ ’ਤੇ ਲਿਖਤੀ ਭਰੋਸੇ ਲਏ ਬਿਨਾਂ ਧਰਨਾ ਚੁੱਕਣ ਦੀ ਕਾਹਲੀ ਕਿਉਂ ਕੀਤੀ ਗਈ? ਕੀ ਇਹ ਸੰਯੁਕਤ ਮੋਰਚੇ ਅੰਦਰ ਫੁੱਟਪਾਊ ਕਾਰਵਾਈ ਨਹੀਂ ਬਣਦੀ ਜਿਸ ਲਈ ਮੋਦੀ ਸਰਕਾਰ ਤਰਲੋਮੱਛੀ ਹੋ ਰਹੀ ਸੀ?
(ਸ) ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੇਤਨ ਤੌਰ ’ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਇਸ ਸੰਘਰਸ਼ ਦੇ ਨੇੜੇ ਨਹੀਂ ਫਟਕਣ ਦਿੱਤਾ ਗਿਆ। ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਅੰਦਰ ਫੁੱਟ ਪਾਉਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਚਾਹੁੰਦੀ ਸੀ ਕਿ ਕਿਸਾਨ ਜਥੇਬੰਦੀਆਂ ਚੋਣਾਂ ਅੰਦਰ ਭਾਗੀਦਾਰੀ ਕਰਨ। ਬੂਟਾ ਸਿੰਘ ਬੁਰਜਗਿੱਲ ਨੇ ਰਾਜੇਵਾਲ ਅਤੇ ਕਾਦੀਆਂ ਵਰਗੇ ਆਗੂਆਂ ਨਾਲ ਮਿਲ ਕੇ ਚੋਣਾਂ ਲੜਨ ਦੀ ਵਿਉਂਤਬੰਦੀ ਕੀਤੀ। ਇਸ ਮਕਸਦ ਲਈ ਐਸ.ਐਸ.ਐਮ ਦੀ ਸਥਾਪਨਾ ਕੀਤੀ ਗਈ। ਅਜਿਹੀਆਂ ਕਾਰਵਾਈਆਂ ਸਦਕਾ ਲੋਕਾਂ ਅੰਦਰ ਸੰਯੁਕਤ ਕਿਸਾਨ ਮੋਰਚੇ ਪ੍ਰਤੀ ਬੇਵਿਸ਼ਵਾਸ਼ੀ ਦੀ ਭਾਵਨਾ ਵੱਡੇ ਪੱਧਰ ’ਤੇ ਪੈਦਾ ਹੋਈ ਅਤੇ ਇਹਨਾਂ ਸਦਕਾ ਸੰਯੁਕਤ ਕਿਸਾਨ ਮੋਰਚਾ ਦੋਫਾੜ ਹੋ ਗਿਆ। ਇਸ ਮਹੌਲ ਨੇ ਸਾਂਝੇ ਕਿਸਾਨ ਘੋਲ ਨੂੰ ਕਮਜ਼ੋਰ ਕਰਨ ’ਚ ਵੱਡਾ ਹਿੱਸਾ ਪਾਇਆ। ਅਸੀਂ ਤੁਹਾਥੋਂ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ ਪ੍ਰਧਾਨ ਵੱਲੋਂ ਅਜਿਹਾ ਫੁੱਟਪਾਊ ਅਤੇ ਮੋਰਚਾ ਖਿੰਡਾਊ ਰੋਲ ਕਿਉਂ ਅਦਾ ਕੀਤਾ ਗਿਆ?
(ਹ) ਚੋਣਾਂ ਦੌਰਾਨ 5 ਜਨਵਰੀ 2022 ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਸਬੰਧੀ ਕੋਈ ਜਨਤਕ ਐਲਾਨ ਕਰੇ ਬਿਨਾਂ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਵਿਖੇ ਰੱਖੀ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਨੂੰ ਲਿਖਤੀ ਵਿਸ਼ਵਾਸ਼ ਪੱਤਰ ’ਚ ਦਰਜ਼ ਮੰਗਾਂ ਸਬੰਧੀ ਚੁੱਪ ਧਾਰ ਕੇ ਕਿਸਾਨ ਸੰਘਰਸ਼ ਦਾ ਗੜ੍ਹ ਰਹੇ ਪੰਜਾਬ ਅੰਦਰ ਮੋਦੀ ਦਾ ਆਉਣਾ ਸੰਘਰਸ਼ਸ਼ੀਲ ਕਿਸਾਨਾਂ ਲਈ ਇਕ ਵੱਡੀ ਚੁਣੌਤੀ ਸੀ। ਇਸ ਚੁਣੌਤੀ ਨੂੰ ਕਬੂਲ ਕਰਦੇ ਹੋਏ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਪਰ ਬੂਟਾ ਸਿੰਘ ਬੁਰਜਗਿੱਲ ਖੁੱਲ੍ਹੇਆਮ ਮੋਦੀ ਦੀ ਪੰਜਾਬ ਫੇਰੀ ਦਾ ਗੁਣਗਾਨ ਕਰਦੇ ਹੋਏ ਮੋਦੀ ਦੇ ਵਿਰੋਧ ਨੂੰ ਖੁੰਢਾ ਕਰ ਰਿਹਾ ਸੀ।
ਅਜਿਹਾ ਕਿਉਂ?
(ਕ) ਕਿਸਾਨ ਮੰਗਾਂ ਸਬੰਧੀ ਸਰਕਾਰ ਵੱਲੋਂ ਧਾਰੀ ਲੰਮੀ ਚੁੱਪ ਖਿਲਾਫ ਰੋਹ ਦਾ ਪ੍ਰਗਾਟਾਵਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜਨਵਰੀ 2022 ਨੂੰ ‘‘ਵਿਸ਼ਵਾਸ਼ਘਾਤ ਦਿਵਸ’’ ਮਨਾਉਣ ਲਈ ਜਿਲ੍ਹਾ ਪੱਧਰੀ ਪ੍ਰੋਗਰਾਮ ਕਰਨ ਦਾ ਸੱਦਾ ਦਿੱਤਾ ਗਿਆ ਪਰ ਬੂਟਾ ਸਿੰਘ ਬੁਰਜਗਿੱਲ ਵੱਲੋਂ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਤੋਂ ਕਿਨਾਰਾ ਕੀਤਾ ਗਿਆ। ਅਜਿਹਾ ਕਿਉਂ ?
(ਖ) ਕਿਸਾਨ ਸੰਘਰਸ਼ ਦੌਰਾਨ ਮਜ਼ਦੂਰਾਂ, ਮੁਲਾਜ਼ਮਾਂ, ਬੁੱਧੀਜੀਵੀਆਂ ਅਤੇ ਹੋਰ ਲੋਕਾਂ ਨੇ ਸਾਡੀਆਂ ਮੰਗਾਂ ਅਤੇ ਸੰਘਰਸ਼ ਨੂੰ ਵਾਜਬ ਸਮਝਦੇ ਹੋਏ ਸਾਡੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਇਸ ਤਰ੍ਹਾਂ ਕਰਕੇ ਹੱਕ ਮੰਗਦੇ ਲੋਕਾਂ ਦੀ ਭਰਾਤਰੀ ਸਾਂਝ ਨੂੰ ਮਜਬੂਤ ਕੀਤਾ। ਜਦੋਂ ਦੇਸ਼ ਦੀਆਂ ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਨੇ ——ਦੋ ਦਿਨਾ ਭਾਰਤ ਬੰਦ ਦਾ ਸੱਦਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚੇ ਅੰਦਰ ਸ਼ਾਮਲ ਜਥੇਬੰਦੀਆਂ ਨੇ ਉਹਨਾਂ ਦੀ ਭਰਾਤਰੀ ਹਮਾਇਤ ਕਰਨ ਲਈ ਨਾ ਸਿਰਫ ਐਲਾਨ ਕੀਤੇ ਸਗੋਂ ਆਪੋ ਆਪਣੀ ਥਾਂ ਉਹਨਾਂ ਦੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ। ਪਰ ਬੂਟਾ ਸਿੰਘ ਬੁਰਜਗਿੱਲ ਵੱਲੋਂ ਐਡੇ ਵੱਡੇ ਦੇਸ਼-ਪੱਧਰੇ ਐਕਸ਼ਨ ’ਚ ਭਰਾਤਰੀ ਸਾਂਝ ਦਾ ਪ੍ਰਗਟਾਵਾ ਕਰਨ ਲਈ ਕੋਈ ਬਿਆਨ ਤੱਕ ਨਹੀਂ ਦਿੱਤਾ ਗਿਆ। ਅਜਿਹਾ ਰਵੱਈਆ ਧਾਰਨ ਦੇ ਕੀ ਕਾਰਨ ਹਨ, ਜਰੂਰ ਸਪੱਸ਼ਟ ਕੀਤਾ ਜਾਵੇ।
(ਗ) ਸੰਯੁਕਤ ਕਿਸਾਨ ਮੋਰਚੇ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਜਿੱਤਣ ਲਈ ਕਿਸਾਨ ਸੰਘਰਸ਼ ਦੌਰਾਨ ਇਕੱਤਰ ਹੋਏ ਫੰਡਾਂ ਦਾ ਹਿਸਾਬ ਬਹੁਤ ਜ਼ਰੂਰੀ ਹੈ। ਬੁੂਟਾ ਸਿੰਘ ਬੁਰਜ ਗਿੱਲ ਵੱਲੋਂ ਅਜੇ ਤੱਕ ਇਸ ਬਾਰੇ ਕੁੱਝ ਨਹੀਂ ਦੱਸਿਆ ਗਿਆ। ਤੁਹਾਡੇ ਕੋਲ ਸੰਯੁਕਤ ਕਿਸਾਨ ਮੋਰਚੇ ਦੀ ਰਾਖਵੀਂ ਧਨ ਰਾਸ਼ੀ ਅਤੇ ਹੋਰ ਫੰਡਾਂ ਬਾਰੇ ਜੋ ਵੀ ਜਾਣਕਾਰੀ ਹੈ , ਉਸ ਬਾਰੇ ਸੰਯੁਕਤ ਮੋਰਚੇ ਨੂੰ ਜਾਣਕਾਰੀ ਅਤੇ ਹਿਸਾਬ-ਕਿਤਾਬ ਦਿੱਤਾ ਜਾਵੇ।
ਸੂਬਾ ਕਮੇਟੀ ਮੈਂਬਰ ਸਾਥੀਓ, ਐਸ ਕੇ ਐਮ ਦੀ ਅਗਲੀ ਮੀਟਿੰਗ 4 ਫਰਵਰੀ 2023 ਦੀ ਰੱਖੀ ਗਈ ਹੈ ਜਿਸ ਵਿਚ ਇਸ ਮੁੱਦੇ ਦਾ ਨਿਪਟਾਰਾ ਕੀਤਾ ਜਾਣਾ ਹੈ। ਕਿਰਪਾ ਕਰਕੇ ਇਸ ਸਮੇਂ ਤੋਂ ਪਹਿਲਾਂ ਸੂਬਾ ਕਮੇਟੀ ਦਾ ਪੱਖ ਸਾਡੇ ਤੱਕ ਪਹੁੰਚਦਾ ਕੀਤਾ ਜਾਵੇ। ਧੰਨਵਾਦੀ ਹੋਵਾਂਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h