ਮੋਹਾਲੀ ਪੁਲੀਸ ਨੇ ਬੰਬੀਹਾ ਗਰੁੱਪ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਦੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ ਮੋਹਾਲੀ ਅਤੇ ਮੁੱਖ ਅਫ਼ਸਰ ਥਾਣਾ ਘੜੂੰਆਂ ਦੀ ਟੀਮ ਵੱਲੋਂ ਬੰਬੀਹਾ ਗਰੁੱਪ ਦੇ 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਬਲਵਿੰਦਰ ਸਿੰਘ ਤੇ ਗੌਤਮ ਕੁਮਾਰ ਪੁੱਤਰ ਰਾਮਦੇਵ ਵਜੋਂ ਹੋਈ ਹੈ, ਜੋ ਕਿ ਗੈਂਗਸਟਰ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਰਣਧੀਰ ਸਿੰਘ ਵਾਸੀ ਨੰਗਲਗੜੀਆ ਥਾਣਾ ਸਦਰ ਕੁਰਾਲੀ ਜ਼ਿਲ੍ਹਾ ਮੋਹਾਲੀ ਦੇ ਸਾਥੀ ਹਨ। ਪੁਲਸ ਨੇ ਗੁਰਜੰਟ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ।
30 ਜਨਵਰੀ ਨੂੰ ਗੁਰਜੰਟ ਸਿੰਘ ਉਰਫ ਜੰਟਾ ਨੇ ਸਾਥੀਆਂ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ, ਜੋ ਕਿ ਸਪੇਨ ‘ਚ ਬੈਠਾ ਹੈ ਅਤੇ ਬੰਬੀਹਾ ਗਰੁੱਪ ਦਾ ਸਰਗਣਾ ਹੈ, ਦੇ ਕਹਿਣ ‘ਤੇ ਘੜੂੰਆਂ ਯੂਨੀਵਰਸਿਟੀ ਦੇ ਸਾਹਮਣਿਓਂ ਇਕ ਬਰੇਜ਼ਾ ਕਾਰ ਖੋਹੀ ਸੀ। 28 ਜੁਲਾਈ ਨੂੰ ਗੁਰਜੰਟ ਸਿੰਘ ਦੇ ਸਾਥੀ ਬਰੇਜ਼ਾ ਕਾਰ ਤੇ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਗੁਰਜੰਟ ਭਗੌੜਾ ਚੱਲ ਰਿਹਾ ਸੀ। ਬੀਤੀ 29 ਅਗਸਤ ਨੂੰ ਗੁਰਜੰਟ ਸਿੰਘ ਨੇ ਆਪਣੇ ਇਕ ਹੋਰ ਸਾਥੀ ਪਰਗਟ ਸਿੰਘ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਭੁਪਿੰਦਰ ਸਿੰਘ ਭੂਪੀ ਰਾਣਾ ਦੇ ਕਹਿਣ ‘ਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਕੋਰਟ ਕੰਪਲੈਕਸ ਵਿਚ ਬੰਬੀਹਾ ਗਰੁੱਪ ਨਾਲ ਸਬੰਧਿਤ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਡਵਾਉਣ ਲਈ ਫਾਇਰਿੰਗ ਕੀਤੀ ਸੀ ਅਤੇ ਉਥੋਂ ਭੱਜ ਗਏ ਸਨ। ਬੀਤੇ ਦਿਨੀਂ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ‘ਤੇ 2 ਪਿਸਤੌਲ 32 ਬੋਰ, ਇਕ ਪਿਸਤੌਲ 30 ਬੋਰ ਸਮੇਤ 2 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਹਨ।
ਇਸ ਮਾਮਲੇ ‘ਚ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਬਹਿਡਾਲੀ ਥਾਣਾ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਅਤੇ ਗੌਤਮ ਕੁਮਾਰ ਪੁੱਤਰ ਰਾਮਦੇਵ ਵਾਸੀ ਨੇੜੇ ਸਬਜ਼ੀ ਮੰਡੀ ਕੁਰਾਲੀ ਥਾਣਾ ਸਿਟੀ ਕੁਰਾਲੀ ਐੱਸ. ਏ. ਐੱਸ. ਨਗਰ ਨੂੰ ਗ੍ਰਿਫ਼ਤਾਰ ਕਰਕੇ ਇਕ ਪਿਸਤੌਲ 32 ਬੋਰ ਸਮੇਤ 2 ਰੌਦ ਜ਼ਿੰਦਾ, ਇਕ ਪਿਸਤੌਲ 30 ਬੋਰ ਸਮੇਤ 2 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਹਨ। ਪਿੰਡ ਗੋਸਲਾਂ ਜੋ ਥਾਣਾ ਕੁਰਾਲੀ ਅਧੀਨ ਪੈਂਦਾ ਹੈ, ਤੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗੁਰੀ ਤੇ ਗੌਤਮ ਦੋਵੇਂ ਗੁਰਜੰਟ ਸਿੰਘ ਉਰਫ ਜੰਟਾ ਦੇ ਸਾਥੀ ਹਨ ਅਤੇ ਇਹ ਸਾਰੇ ਬੰਬੀਹਾ ਗਰੁੱਪ ਲਈ ਕੰਮ ਕਰਦੇ ਹਨ। ਇਨ੍ਹਾਂ ਖਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਮੁੱਕਦਮੇ ਦਰਜ ਹਨ। ਇਨ੍ਹਾਂ ਨੂੰ ਪਹਿਲਾਂ ਵੀ ਸੀ. ਆਈ. ਏ. ਮੋਹਾਲੀ ਗ੍ਰਿਫ਼ਤਾਰ ਕਰ ਚੁੱਕੀ ਹੈ।