IMD Weather: ਦੇਸ਼ ਭਰ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਐਨਸੀਆਰ ਵਿਚ ਵੀ ਠੰਢ ਵਧ ਗਈ ਹੈ। ਕਈ ਰਾਜਾਂ ਵਿੱਚ ਪਾਰਾ ਜ਼ੀਰੋ ਤੱਕ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ ਦੇਸ਼ ਭਰ ਵਿੱਚ ਮੌਸਮ ਸਬੰਧੀ ਅੱਪਡੇਟ ਜਾਰੀ ਕਰਕੇ ਲੋਕਾਂ ਨੂੰ ਲਗਾਤਾਰ ਸੁਚੇਤ ਕਰ ਰਿਹਾ ਹੈ। ਮੌਸਮ ਵਿਭਾਗ ਨੇ ਕਈ ਰਾਜਾਂ ‘ਚ ਸੀਤ ਲਹਿਰ ਅਤੇ ਕਈ ਸੂਬਿਆਂ ‘ਚ ਅੱਤ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਦੱਖਣੀ ਭਾਰਤ ਵਿਚ ਬਰਸਾਤ ਦਾ ਮੌਸਮ ਅਜੇ ਵੀ ਜਾਰੀ ਹੈ। ਆਪਣੇ ਤਾਜ਼ਾ ਅਪਡੇਟ ਵਿਚ ਵਿਭਾਗ ਨੇ ਦਿੱਲੀ ਵਿੱਚ ਮੌਸਮ ਦੇ ਦੋਹਰੇ ਹਮਲੇ ਦਾ ਅਲਰਟ ਜਾਰੀ ਕੀਤਾ ਹੈ।
ਆਉਣ ਵਾਲੇ ਦਿਨਾਂ ‘ਚ ਦੇਸ਼ ਭਰ ‘ਚ ਕਿਹੋ ਜਿਹਾ ਰਹੇਗਾ ਮੌਸਮ?
ਦਿੱਲੀ ਐਨਸੀਆਰ ਦੇ ਨਾਲ-ਨਾਲ ਉੱਤਰ-ਪੱਛਮੀ ਅਤੇ ਉੱਤਰੀ ਰਾਜਾਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਹੁਣ ਕੜਾਕੇ ਦੀ ਠੰਡ ਦੇ ਨਾਲ-ਨਾਲ 21 ਅਤੇ 22 ਨੂੰ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 26 ਦਸੰਬਰ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਤੋਂ 25 ਦਸੰਬਰ ਤੱਕ ਸ਼ਹਿਰ ਸੰਘਣੀ ਧੁੰਦ ਦੀ ਲਪੇਟ ਵਿੱਚ ਰਹਿ ਸਕਦਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ 5 ਡਿਗਰੀ ਤੱਕ ਡਿੱਗ ਸਕਦਾ ਹੈ।
ਘੱਟੋ-ਘੱਟ ਤਾਪਮਾਨ ਡਿੱਗਿਆ
ਮੌਸਮ ਵਿਭਾਗ ਨੇ ਦੇਸ਼ ਭਰ ਵਿਚ ਘੱਟੋ-ਘੱਟ ਤਾਪਮਾਨ ਦੇ ਅੰਕੜੇ ਲਗਾਤਾਰ ਜਾਰੀ ਕੀਤੇ ਹਨ। ਮੌਸਮ ਵਿਭਾਗ ਨੇ ਕਿਹਾ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦੇ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ। ਜਦੋਂ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਘੱਟੋ-ਘੱਟ ਤਾਪਮਾਨ 4 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਹਾਲਾਂਕਿ, ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁਝ ਖੇਤਰਾਂ ਵਿਚ ਘੱਟੋ ਘੱਟ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜੋ ਦੂਜੇ ਰਾਜਾਂ ਨਾਲੋਂ ਵੱਧ ਹੈ। ਕਈ ਰਾਜਾਂ ਵਿੱਚ, ਘੱਟੋ-ਘੱਟ ਤਾਪਮਾਨ -1 ਡਿਗਰੀ ਸੈਲਸੀਅਸ ਤੋਂ -3 ਡਿਗਰੀ ਸੈਲਸੀਅਸ ਵਿਚਕਾਰ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਇਨ੍ਹਾਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਸੌਰਾਸ਼ਟਰ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਸ਼ਾਮਲ ਹਨ।