ਕੋਲਕਾਤਾ ਵਿੱਚ ਹੋਏ ਰੇਪ ਅਤੇ ਕਤਲ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਸਿਖਲਾਈ ਪ੍ਰਾਪਤ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਸਿਆਲਦਾਹ ਅਦਾਲਤ ਸੋਮਵਾਰ ਨੂੰ ਦੋਸ਼ੀ ਸੰਜੇ ਰਾਏ ਨੂੰ ਸਜ਼ਾ ਸੁਣਾਏਗੀ।
ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਉਸਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਸੈਸ਼ਨ ਜੱਜ ਅਨਿਰਬਾਨ ਦਾਸ ਨੇ ਘਟਨਾ ਤੋਂ 162 ਦਿਨ ਬਾਅਦ 18 ਜਨਵਰੀ ਨੂੰ ਸੰਜੇ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਅਦਾਲਤ ਦੇ ਫੈਸਲੇ ਤੋਂ ਪਹਿਲਾਂ ਸੰਜੇ ਰਾਏ ਦਾ ਬਿਆਨ ਵੀ ਸੁਣਾਇਆ ਜਾਵੇਗਾ। ਦੱਸ ਦੇਈਏ ਕਿ ਸੰਜੇ ਪੀੜਤਾ ਦੇ ਪਿਤਾ ਵੱਲੋਂ ਉਠਾਏ ਗਏ ਕੁਝ ਸਵਾਲਾਂ ਦੇ ਜਵਾਬ ਵੀ ਦੇ ਸਕਦਾ ਹੈ। ਇਸ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਸੰਜੇ ਦੀ ਸਜ਼ਾ ਲਈ 160 ਪੰਨਿਆਂ ਦਾ ਫੈਸਲਾ ਲਿਖਿਆ ਗਿਆ ਹੈ। ਦੋਸ਼ੀ ਸੰਜੇ ਨੂੰ ਫੈਸਲੇ ਲਈ ਸਵੇਰੇ 10:15 ਵਜੇ ਜੇਲ੍ਹ ਤੋਂ ਅਦਾਲਤ ਵਿੱਚ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ ਅਦਾਲਤ ਨੇ ਅਪਰਾਧ ਸਥਾਨ ਦੀ ਫੋਰੈਂਸਿਕ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਨੇ ਸੰਜੇ ਰਾਏ ਦੀ ਮਾਮਲੇ ਵਿੱਚ ਸ਼ਮੂਲੀਅਤ ਦੇ ਸਬੂਤ ਪ੍ਰਦਾਨ ਕੀਤੇ। ਸੰਜੇ ਦਾ ਡੀਐਨਏ ਅਪਰਾਧ ਵਾਲੀ ਥਾਂ ਅਤੇ ਪੀੜਤ ਡਾਕਟਰ ਦੇ ਸਰੀਰ ‘ਤੇ ਵੀ ਮਿਲਿਆ ਸੀ।
ਪਿਛਲੇ ਸਾਲ 8-9 ਅਗਸਤ ਦੀ ਰਾਤ ਨੂੰ ਆਰਜੀ ਕਾਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। 9 ਅਗਸਤ ਦੀ ਸਵੇਰ ਨੂੰ, ਡਾਕਟਰ ਦੀ ਲਾਸ਼ ਸੈਮੀਨਾਰ ਹਾਲ ਵਿੱਚ ਮਿਲੀ।
ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ, ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨਾਮਕ ਇੱਕ ਸਿਵਲ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ ਨੂੰ ਲੈ ਕੇ ਕੋਲਕਾਤਾ ਸਮੇਤ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਬੰਗਾਲ ਵਿੱਚ ਸਿਹਤ ਸੇਵਾਵਾਂ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਠੱਪ ਸਨ।