ਗੁਜਰਾਤ ਦੇ ਤਿੰਨ ਮੁਸਲਿਮ ਵਿਧਾਇਕਾਂ ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ਪੱਤਰ ਲਿਖ ਕੇ ਗੁਜਰਾਤ ਸਰਕਾਰ ਨੂੰ ਸਾਲ 2002 ਦੇ ਬਿਲਕੀਸ ਬਾਨੋ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਸ਼ਰਮਨਾਕ ਫ਼ੈਸਲੇ ਨੂੰ ਵਾਪਸ ਲੈਣ ਵਾਸਤੇ ਦਿਸ਼ਾ-ਨਿਰਦੇਸ਼ ਦੇਣ ਲਈ ਕਿਹਾ ਹੈ।
ਤਿੰਨ ਵਿਧਾਇਕਾਂ ’ਚ ਗਿਆਸੂਦੀਨ ਸ਼ੇਖ, ਇਮਰਾਨ ਖੇੜੇਵਾਲਾ ਤੇ ਜਾਵੇਦ ਪੀਰਜ਼ਾਦਾ ਦੇ ਨਾਂ ਸ਼ਾਮਲ ਹਨ। ਇਸ ਸਬੰਧੀ ਸ੍ਰੀ ਸ਼ੇਖ ਦੇ ਟਵਿਟਰ ਹੈਂਡਲ ’ਤੇ ਇਸ ਪੱਤਰ ਦੀ ਕਾਪੀ ਸਮੇਤ ਜਾਣਕਾਰੀ ਸਬੰਧੀ ਪੋਸਟ ਪਾਈ ਗਈ ਹੈ। ਇਸ ਪੱਤਰ ’ਚ ਲਿਖਿਆ ਗਿਆ ਹੈ ਕਿ ਗੁਜਰਾਤ ਦੀ ਭਾਜਪਾ ਸਰਕਾਰ ਵੱਲੋਂ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਤੇ ਉਸ ਦੇ ਸੱਤ ਪਰਿਵਾਰਕ ਮੈਂਬਰਾਂ ਦੇ ਕਤਲ ਸਬੰਧੀ ਕੇਸ ’ਚ 11 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਸ਼ਰਮਨਾਕ ਫ਼ੈਸਲੇ ਨੇ ਉਸ ਦਿਨ (ਜਿਸ ਦਿਨ ਇਹ ਫ਼ੈਸਲਾ ਲਿਆ ਗਿਆ) ਨੂੰ ਕਲੰਕਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ :ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣ ਲਈ ਪੰਜਾਬ-ਹਰਿਆਣਾ ‘ਚ ਬਣੀ ਸਹਿਮਤੀ
ਕੇਂਦਰ ਸਰਕਾਰ ਵੱਲੋਂ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਮੁਆਫ਼ੀ ਸਬੰਧੀ ਨੀਤੀ ਤਹਿਤ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ, ਪਰ ਗੁਜਰਾਤ ਦੀ ਭਾਜਪਾ ਸਰਕਾਰ ਨੇ ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਮਾਮਲੇ ’ਚ 11 ਦੋਸ਼ੀਆਂ ਦੀ ਸਜ਼ਾ ਮੁਆਫ਼ ਕਰ ਕੇ ਗ਼ੈਰ-ਸੰਵੇਦਨਸ਼ੀਲਤਾ ਦਿਖਾਈ ਹੈ।