The Great Sikh Warrior Maharaja Ranjit Singh: ਭਾਰਤ ਦੇ ਇਤਿਹਾਸ ‘ਚ ਜਦੋਂ ਵੀ ਮਹਾਨ ਰਾਜਿਆਂ ਅਤੇ ਬਾਦਸ਼ਾਹਾਂ ਦੀ ਗੱਲ ਹੁੰਦੀ ਹੈ ਤਾਂ ‘ਸ਼ੇਰ-ਏ-ਪੰਜਾਬ’ ਵਜੋਂ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਬਾਰੇ ਜਿੰਨੀ ਮਰਜ਼ੀ ਗੱਲ ਕੀਤੀ ਜਾਵੇ ਘੱਟ ਹੈ। ਪੰਜਾਬ ‘ਤੇ ਰਾਜ ਕਰਨ ਵਾਲੇ ਰਣਜੀਤ ਸਿੰਘ ਨੇ 10 ਸਾਲ ਦੀ ਉਮਰ ‘ਚ ਪਹਿਲੀ ਜੰਗ ਲੜੀ ਅਤੇ 12 ਸਾਲ ਦੀ ਉਮਰ ‘ਚ ਰਾਜਗੱਦੀ ਸੰਭਾਲੀ। ਉਨ੍ਹਾਂ ਨੇ 18 ਸਾਲ ਦੀ ਉਮਰ ਵਿਚ ਲਾਹੌਰ ਜਿੱਤ ਲਿਆ ਸੀ।
ਦੱਸ ਦਈਏ ਕਿ 40 ਸਾਲ ਦੀ ਉਮਰ ਤੱਕ ਉਨ੍ਹਾਂ ਨੇ ਆਪਣੇ ਰਾਜ ਦੌਰਾਨ ਅੰਗਰੇਜ਼ਾਂ ਨੂੰ ਆਪਣੇ ਸਾਮਰਾਜ ਦੇ ਆਲੇ-ਦੁਆਲੇ ਫੱਟਕਣ ਵੀ ਨਹੀਂ ਦਿੱਤਾ। ਅੱਜ ਵੀ ਰਣਜੀਤ ਸਿੰਘ ਦੀਆਂ ਕਈ ਬਹਾਦਰੀ ਦੀਆਂ ਕਹਾਣੀਆਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। 13 ਨਵੰਬਰ ਉਨ੍ਹਾਂ ਦੇ ਜਨਮਦਿਨ ‘ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਬਹਾਦਰੀ ਨਾਲ ਜੁੜੀਆਂ ਕੁਝ ਕਹਾਣੀਆਂ।
ਉਨ੍ਹਾਂ ਦਾ ਜਨਮ ਅੱਜ ਦੇ ਦਿਨ 1780 ਵਿੱਚ ਗੁਜਰਾਂਵਾਲਾ, ਪੰਜਾਬ (ਹੁਣ ਪਾਕਿਸਤਾਨ) ‘ਚ ਹੋਇਆ ਸੀ। ਉਨ੍ਹਾਂ ਦਿਨੀਂ ਸਿੱਖਾਂ ਅਤੇ ਅਫ਼ਗਾਨਾਂ ਦੇ ਰਾਜ ਵਿਚ ਪੰਜਾਬ ਕਈ ਮਿਸਲਾਂ ਵਿਚ ਵੰਡਿਆ ਹੋਇਆ ਸੀ। ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਸ਼ੁਕਰਚਕੀਆ ਮਿਸਲ ਦੇ ਕਮਾਂਡਰ ਸੀ, ਜਿਨ੍ਹਾਂ ਦਾ ਹੈੱਡਕੁਆਰਟਰ ਗੁਜਰਾਂਵਾਲਾ ਵਿਖੇ ਸੀ। ਰਣਜੀਤ ਸਿੰਘ ਸਿਰਫ 12 ਸਾਲ ਦੇ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਉਮਰ ਵਿਚ ਉਸ ਨੂੰ ਗੱਦੀ ਸੰਭਾਲਣੀ ਪਈ।
1793-1798 ਦੇ ਵਿਚਕਾਰ, ਅਫਗਾਨਿਸਤਾਨ ਦੇ ਸ਼ਾਸਕ ਜਮਾਂਸ਼ਾਹ ਨੇ ਲਾਹੌਰ ‘ਤੇ ਹਮਲਾ ਕੀਤਾ ਅਤੇ ਇਸ ‘ਤੇ ਕਬਜ਼ਾ ਕਰ ਲਿਆ। ਹਾਲਾਂਕਿ, ਉਸ ਨੂੰ ਆਪਣੇ ਸੌਤੇਲੇ ਭਰਾ ਮਹਿਮੂਦ ਦੇ ਵਿਰੋਧ ਕਾਰਨ ਕਾਬੁਲ ਪਰਤਣਾ ਪਿਆ। ਇਸ ਦੌਰਾਨ ਉਸ ਦੀਆਂ ਕੁਝ ਬੰਦੂਕਾਂ ਜੇਹਲਮ ਨਦੀ ਵਿੱਚ ਡਿੱਗ ਗਈਆਂ। ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਬਾਹਰ ਕੱਢ ਕੇ ਸੁਰੱਖਿਅਤ ਕਾਬੁਲ ਭੇਜ ਦਿੱਤਾ। ਇਸ ‘ਤੇ ਜਮਾਂਸ਼ਾਹ ਖੁਸ਼ ਹੋਇਆ ਅਤੇ ਉਸ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਲਈ ਸਹਿਮਤੀ ਦੇ ਦਿੱਤੀ।
ਰਣਜੀਤ ਸਿੰਘ ਨੇ ਲਾਹੌਰ ‘ਤੇ ਹਮਲਾ ਕਰਕੇ 7 ਜੁਲਾਈ 1799 ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ। ਉਸ ਸਮੇਂ ਉਹ ਬਹੁਤ ਛੋਟੇ ਸੀ। ਰਣਜੀਤ ਸਿੰਘ ਨੇ 12 ਅਪ੍ਰੈਲ 1801 ਨੂੰ ਮਹਾਰਾਜਾ ਦੀ ਉਪਾਧੀ ਗ੍ਰਹਿਣ ਕੀਤੀ। ਉਨ੍ਹਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਤੇ 1802 ਵਿੱਚ ਅੰਮ੍ਰਿਤਸਰ ਵੱਲ ਚਲੇ ਗਏ। ਉਨ੍ਹਾਂ ਨੇ ਅਫਗਾਨਾਂ ਵਿਰੁੱਧ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਉਨ੍ਹਾਂ ਨੂੰ ਪੱਛਮੀ ਪੰਜਾਬ ਵੱਲ ਭਜਾ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਬਚਪਨ ਵਿੱਚ ਚੇਚਕ ਦੇ ਕਾਰਨ ਇੱਕ ਅੱਖ ਦੀ ਨਜ਼ਰ ਗੁਆ ਬੈਠੇ ਸੀ। ਉਹ ਕਹਿੰਦੇ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਦਿੱਤੀ ਹੈ, ਇਸ ਲਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਮੀਰ-ਗਰੀਬ, ਜੋ ਇਸ ਇੱਕ ਅੱਖ ਨਾਲ ਦੇਖਦੇ ਹਨ, ਮੈਂ ਸਭ ਨੂੰ ਬਰਾਬਰ ਦੇਖਦਾ ਹਾਂ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਸਿੱਖ ਧਰਮ ਪਰਿਵਰਤਨ ਲਈ ਮਜਬੂਰ ਨਹੀਂ ਕੀਤਾ। ਉਹ ਸਿੱਖਾਂ ਦਾ ਮਹਾਨ ਯੋਧਾ ਰਹੇ।