ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਾਇਲ ਦੇ ਵਾਰਡ ਨੰਬਰ 1 ਦਾ ਰਹਿਣ ਵਾਲਾ ਨੌਜਵਾਨ ਹਰਵੀਰ ਸਿੰਘ ਆਪਣੇ ਖਰਚ ਉਪਰ ਪ੍ਰੇਮਿਕਾ ਨੂੰ ਆਈਲੈਟਸ ਕਰਵਾ ਰਿਹਾ ਸੀ। ਹੋਰ ਸਾਰਾ ਖਰਚ ਵੀ ਕਰਦਾ ਸੀ ਤਾਂਕਿ ਉਸਦੀ ਪ੍ਰੇਮਿਕਾ ਵਿਆਹ ਕਰਵਾ ਕੇ ਉਸਨੂੰ ਵਿਦੇਸ਼ ਲੈ ਜਾਵੇ। ਹਰਵੀਰ ਨੇ ਕਰੀਬ 3 ਲੱਖ ਰੁਪਏ ਖਰਚ ਕਰ ਦਿੱਤੇ। ਆਈਲੈਟਸ ਪਾਸ ਕਰਕੇ ਪ੍ਰੇਮਿਕਾ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ।
ਦੁਖੀ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਪ੍ਰੇਮਿਕਾ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਹਰਵੀਰ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਹਰਵੀਰ ਦੀ ਕਈ ਸਾਲਾਂ ਤੋਂ ਮਨਜਿੰਦਰ ਕੌਰ ਰੂਬੀ ਵਾਸੀ ਹਰਿਉਂ ਨਾਲ ਦੋਸਤੀ ਸੀ। ਉਸਦਾ ਪੁੱਤਰ ਲੜਕੀ ਦਾ ਸਾਰਾ ਖਰਚ ਕਰਦਾ ਸੀ ਅਤੇ ਵਿਆਹ ਕਰਵਾ ਕੇ ਉਸ ਨਾਲ ਵਿਦੇਸ਼ ਜਾਣਾ ਚਾਹੁੰਦਾ ਸੀ।
ਆਈਲੈਟਸ ਕਰਨ ਮਗਰੋਂ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਪੈਸੇ ਵੀ ਵਾਪਸ ਨਹੀਂ ਕੀਤੇ। ਜਿਸ ਕਰਕੇ ਉਸਦੇ ਪੁੱਤਰ ਨੇ ਆਤਮਹੱਤਿਆ ਕਰ ਲਈ। ਓਹਨਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ।ਪਾਇਲ ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ਉਪਰ ਮਨਜਿੰਦਰ ਕੌਰ ਰੂਬੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਬਾਕੀ ਦੀ ਜਾਂਚ ਕੀਤੀ ਜਾ ਰਹੀ ਹੈ।