ਪੰਜਾਬ ਸਰਕਾਰ ਆਜ਼ਾਦੀ ਦਿਹਾੜੇ ’ਤੇ ‘ਬਿੱਲ ਲਿਆਓ, ਇਨਾਮ ਪਾਓ’ ਯੋਜਨਾ ਨੂੰ ਲਾਗੂ ਕਰ ਸਕਦੀ ਹੈ। ਇਸ ਸਬੰਧੀ ਫ਼ੈਸਲਾ ਲੈ ਲਿਆ ਗਿਆ ਹੈ। ਹਾਲਾਂਕਿ ਟੈਕਸੇਸ਼ਨ ਵਿਭਾਗ ਪਿਛਲੇ ਲੰਬੇ ਸਮੇ ਤੋਂ ਇਸ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਪੋਰਟਲ ਤਿਆਰ ਕੀਤਾ ਜਾ ਚੁੱਕਿਆ ਹੈ ਤੇ ਛੇਤੀ ਹੀ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੂੰ ਬਿੱਲ ਲੈਣ ’ਤੇ ਇਨਾਮ ਪਾਉਣ ਵਾਲੀ ਯੋਜਨਾ ਬਾਰੇ ਪੂਰੀ ਤਰ੍ਹਾਂ ਜਾਗਰੂਕ ਵੀ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਇਹ ਯੋਜਨਾ ਮਾਰਚ ਮਹੀਨੇ ’ਚ ਪੇਸ਼ ਕੀਤੇ ਬਜਟ ’ਚ ਲਿਆਂਦੀ ਗਈ ਸੀ ਤੇ ਉਦੋਂ ਤੋਂ ਵਿਭਾਗ ਇਸ ਯੋਜਨਾ ਨੂੰ ਲਾਗੂ ਕਰਨ ਸਬੰਧੀ ਪੋਰਟਲ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮਕਸਦ ਲੋਕਾਂ ਨੂੰ ਬਿੱਲ ਲੈਣ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਦੁਕਾਨਦਾਰ ਬਿੱਲ ਦੇਣ ਲਈ ਮਜਬੂਰ ਹੋਣ ਅਤੇ ਸੂਬੇ ਦੇ ਖ਼ਜ਼ਾਨੇ ’ਚ ਟੈਕਸ ਵਧੇ। ਉਨ੍ਹਾਂ ਦੱਸਿਆ ਕਿ ਪੰਜਾਬ ਸਭ ਤੋਂ ਵੱਧ ਖਪਤ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਇੱਥੇ ਜੀਐੱਸਟੀ ਦੀ ਕੁਲੈਕਸ਼ਨ ਉਸ ਅਨੁਪਾਤ ’ਚ ਘੱਟ ਹੈ ਹਾਲਾਂਕਿ ਅਸੀਂ ਪਿਛਲੇ ਇਕ ਸਾਲ ’ਚ ਇਸ ਵੱਲ ਕਾਫ਼ੀ ਧਿਆਨ ਦਿੱਤਾ ਹੈ ਤੇ 26 ਫ਼ੀਸਦੀ ਤੋਂ ਜ਼ਿਆਦਾ ਜੀਐੱਸਟੀ ਕੁਲੈਕਸ਼ਨ ਵਧੀ ਹੈ ਪਰ ਹਾਲੇ ਵੀ ਕਾਫ਼ੀ ਸੰਭਾਵਨਾਵਾਂ ਹਨ।
ਪੰਜਾਬ ਨੂੰ ਇਸ ਗੱਲ ਦੀ ਚਿੰਤਾ ਜ਼ਿਆਦਾ ਹੇ ਕਿ ਉਸ ਦੀ ਕੁਲੈਕਸ਼ਨ ਹਰਿਆਣਾ ਦੇ ਮੁਕਾਬਲੇ ਇਕ ਚੌਥਾਈ ਹੈ। ਜੁਲਾਈ ਮਹੀਨੇ ਦੀ ਜੋ ਰਿਪੋਰਟ ਆਈ ਹੈ, ਉਸ ’ਚ ਪੰਜਾਬ ਦੀ ਕੁਲੈਕਸ਼ਨ ਮਹਿਜ਼ 2000 ਕਰੋੜ ਰੁਪਏ ਹੈ ਜਦਕਿ ਹਰਿਆਣਾ ਦੀ 7900 ਕਰੋੜ ਤੋਂ ਜ਼ਿਆਦਾ ਹੈ। ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਰਿਆਣਾ ਨੂੰ ਐੱਨਸੀਆਰ ਦਾ ਕਾਫ਼ੀ ਲਾਭ ਹੋ ਰਿਹਾ ਹੈ ਜਦਕਿ ਪੰਜਾਬ ਨੂੰ ਲੈਂਡ ਲਾਕ ਸਟੇਟ ਹੋਣ ਤੇ ਗੁਆਂਢੀ ਪਹਾੜੀ ਸੂਬਿਆਂ ’ਚ ਟੈਕਸਾਂ ਤੋਂ ਛੋਟ ਹੋਣ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਜ਼ਿਆਦਾਤਰ ਉਦਯੋਗ ਪੰਜਾਬ ’ਚੋਂ ਪਲਾਇਨ ਕਰ ਕੇ ਇਨ੍ਹਾਂ ਸੂਬਿਆਂ ’ਚ ਚਲੀ ਗਈ ਹੈ। ਇਸ ਕਰਕੇ ਮੌਜੂਦਾ ਇੰਡਸਟਰੀ ’ਚੋਂ ਹੀ ਟੈਕਸ ਵਸੂਲੀ ਵਧਾਉਣਾ ਹੀ ਪੰਜਾਬ ਸਰਕਾਰ ਕੋਲ ਇੱਕੋ-ਇੱਕ ਬਦਲ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h