ਪਾਕਿਸਤਾਨ ਦੇ ਤਸਕਰ ਭਾਰਤ ਨੂੰ ਹੈਰੋਇਨ ਦੀਆਂ ਖੇਪਾਂ ਭੇਜਣ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਭਾਰਤੀ ਸੁਰੱਖਿਆ ਬਲ ਬੀ.ਐੱਸ.ਐੱਫ.ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ‘ਤੇ ਭੇਜੀ ਗਈ 3.50 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹ ਖੇਪ ਭਾਰਤੀ ਸਰਹੱਦ ਵਿੱਚ ਕੰਡਿਆਲੀ ਤਾਰ ਦੇ ਸਾਹਮਣੇ ਭਾਰਤੀ ਕਿਸਾਨਾਂ ਦੇ ਖੇਤਾਂ ਵਿੱਚ ਸੁੱਟੀ ਗਈ ਸੀ।
ਬੀਐਸਐਫ ਨੇ ਇਹ ਖੇਪ ਅੰਮ੍ਰਿਤਸਰ ਸੈਕਟਰ ਤੋਂ ਜ਼ਬਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਸੁਰੱਖਿਆ ਲਈ ਲਗਾਈ ਗਈ ਵਾੜ ਦੇ ਸਾਹਮਣੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿੱਚੋਂ ਪੀਲੇ ਰੰਗ ਦੇ ਪੈਕਟ ਮਿਲੇ ਹਨ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਪੈਕਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਜਾਂਚ ਵਿਚ ਪਤਾ ਲੱਗਾ ਕਿ ਇਸ ਵਿਚ ਹੈਰੋਇਨ ਸੀ।
ਇਸ ਖੇਪ ਨੂੰ ਪੀਲੀ ਟੇਪ ਨਾਲ ਖੇਤਾਂ ਵਿੱਚ ਸੁੱਟ ਦਿੱਤਾ ਗਿਆ ਸੀ, ਤਾਂ ਜੋ ਖੇਤਾਂ ਵਿੱਚ ਪਈ ਪਰਾਲੀ ਦੇ ਵਿਚਕਾਰ ਇਸ ਨੂੰ ਬੀਐਸਐਫ ਦੀ ਨਜ਼ਰ ਤੋਂ ਦੂਰ ਰੱਖਿਆ ਜਾ ਸਕੇ। ਬੀਐਸਐਫ ਜਵਾਨਾਂ ਨੇ ਜਦੋਂ ਪੈਕਟ ਦਾ ਵਜ਼ਨ ਕੀਤਾ ਤਾਂ ਇਹ 510 ਗ੍ਰਾਮ ਪਾਇਆ ਗਿਆ। ਇਸ ਦੀ ਅੰਤਰਰਾਸ਼ਟਰੀ ਕੀਮਤ 3.50 ਕਰੋੜ ਰੁਪਏ ਦੱਸੀ ਗਈ ਹੈ। ਫਿਲਹਾਲ ਬੀਐਸਐਫ ਨੇ ਖੇਪ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।