ਨਾਗਰਿਕਤਾ ਸੋਧ ਐਕਟ (ਸੀਏਏ) ਲਈ ਨੇਮ ਨੋਟੀਫਾਈ ਕੀਤੇ ਜਾਣ ਤੋਂ ਇਕ ਦਿਨ ਬਾਅਦ ਗ੍ਰਹਿ ਮੰਤਰਾਲੇ ਨੇ ਅੱਜ ਐਕਟ ਤਹਿਤ ਯੋਗ ਵਿਅਕਤੀਆਂ ਵਲੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦਾਖਲਕ ਕਰਨ ਵਾਸਤੇ ਪੋਰਟਲ ਲਾਂਚ ਕਰ ਦਿੱਤਾ ਹੈ।ਮੰਤਰਾਲੇ ਦੇ ਅਧਿਕਾਰਤ ਤਰਜਮਾਨ ਨੇ ਕਿਹਾ, ‘ਸੀਏਏ-2019’ ਤਹਿਤ ਨਾਗਰਿਕਤਾ ਸੋਧ ਨੇਮ 2024 ਨੋਟੀਫਾਈ ਕਰ ਦਿੱਤੇ ਗਏ ਹਨ।ਨਵਾਂ ਪੋਰਟਲ https://indiancitizenshiponline.n ਲਾਂਚ ਕਰ ਦਿੱਤਾ ਗਿਆ ਹੈ ਤੇ ਸੀਏਏ 2019 ਤਹਿਤ ਯੋਗ ਵਿਅਕਤੀ ਇਸ ‘ਤੇ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।
ਤਰਜਮਾਨ ਨੇ ਕਿਹਾ ਕਿ ਮੋਬਾਇਲ ਐਪ ਰਾਹੀਂ ਅਰਜ਼ੀਆਂ ਦਾਖਲ ਕਰਨ ਲਈ ਜਲਦੀ ਹੀ ਮੋਬਾਇਲ ਐਪ ‘ਸੀਏਏ-2019’ ਵੀ ਸ਼ੁਰੂ ਕੀਤਾ ਜਾਵੇਗਾ।ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੀਏਏ ਬਾਰੇ ਨੇਮ ਨੋਟੀਫਾਈ ਕਰਕੇ ਇਹ ਕਾਨੂੰਨ ਪੂਰੇ ਦੇਸ਼ ‘ਚ ਲਾਗੂ ਕਰ ਦਿੱਤਾ ਹੈ।ਕਾਨੂੰਨ ਤਹਿਤ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਗੈਰ ਮੁਸਲਿਮ ਪ੍ਰਵਾਸੀ, ਹਿੰਦੂ, ਸਿੱਖ , ਜੈਨ, ਬੋਧੀ, ਪਾਰਸੀ ਤੇ ਈਸਾਈ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਸਕਦੇ ਹਨ।ਐਕਟ ਭਾਵੇਂ ਚਾਰ ਸਾਲ ਪਹਿਲਾਂ ਪਾਸ ਹੋ ਗਿਆ ਸੀ, ਪਰ ਇਸਦੇ ਨੇਮ ਬੀਤੇ ਦਿਨ ਨੋਟੀਫਾਈ ਕੀਤੇ ਗਏ ਹਨ।
ਸੀਏਏ ਬਿਨੈਕਾਰ ਪੁਰਾਣੀ ਨਾਗਰਿਕਤਾ ਸਾਬਤ ਕਰਨ ਲਈ ਦੇ ਸਕਦੇ ਹਨ, ਨੌਂ ‘ਚੋਂ ਕੋਈ ਇੱਕ ਦਸਤਾਵੇਜ਼: ਸੀਏਏ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰ ਖੁਦ ਕੋਲ ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਦੀ ਨਾਗਰਿਕਤਾ ਹੋਣ ਬਾਰੇ ਵੈਲਿਡ ਜਾਂ ਮਿਆਦ ਪੁਗਾ ਚੁੱਕੇ ਪਾਸਪੋਰਟ, ਆਈਡੀ ਕਾਰਡ ਤੇ ਜ਼ਮੀਨੀ ਰਿਕਾਰਡ ਸਣੇ ਕੁੱਲ 9 ਦਸਤਾਵੇਜ਼ਾਂ ‘ਚੋਂ ਕੋਈ ਇੱਕ ਆਪਣੀ ਅਰਜ਼ੀ ਨਾਲ ਨੱਥੀ ਕਰ ਸਕਦੇ ਹਨ।ਸੋਮਵਾਰ ਨੂੰ ਜਾਰੀ ਸੀਏਏ ਨੇਮਾਂ ਮੁਤਾਬਕ ਬਿਨੈਕਾਰ 31 ਦਸੰਬਰ 2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ‘ਚ ਆਪਣੇ ਦਾਖਲੇ ਸਬੰਧੀ ਦਾਅਵੇ ਨੂੰ ਸਾਬਤ ਕਰਨ ਲਈ ਵੀਜ਼ੇ ਦੀ ਕਾਪੀ ‘ਤੇ ਭਾਰਤ ਪਹੁੰਚਣ ‘ਤੇ ਇਮੀਗ੍ਰੇਸ਼ਨ ਦੀ ਸਟੈਂਪ, ਕਿਸੇ ਪੇਂਡੂ ਜਾਂ ਸ਼ਹਿਰੀ ਸੰਸਥਾ ਦੇ ਚੁਣੇ ਹੋਏ ਮੈਂਬਰ ਜਾਂ ਮਾਲੀਆ ਅਧਿਕਾਰੀ ਵਲੋਂ ਜਾਰੀ ਸਰਟੀਫਿਕੇਟ ਸਣੇ 20 ਦਸਤਾਵੇਜ਼ਾਂ ‘ਚੋਂ ਕੋਈ ਇਕ ਸਬੂਤ ਨੱਥੀ ਕਰ ਸਕਦਾ ਹੈ।