ਪਿੰਡਾਂ ਦੀਆਂ 90 ਫ਼ੀਸਦੀ ਸਮੱਸਿਆਵਾਂ ਮੌਕੇ ‘ਤੇ ਹੋ ਰਹੀਆਂ ਨੇ ਹੱਲ : ਡਾ. ਬਲਬੀਰ ਸਿੰਘ
ਕਿਹਾ, ਪਿੰਡ ਵਾਸੀਆਂ ਵੱਲੋਂ ਦੱਸੇ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਕੀਤਾ ਜਾਵੇਗਾ ਪੂਰਾ
ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲਗਾਤਾਰ ਦੂਸਰੇ ਦਿਨ ਸਮੂਹ ਅਧਿਕਾਰੀਆਂ ਨੂੰ ਨਾਲ ਲੈਕੇ ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ’ ਪ੍ਰੋਗਰਾਮ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੌਕੇ ‘ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਸ਼ੁਰੂ ਕੀਤੇ ਗਏ ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ’ ਪ੍ਰੋਗਰਾਮ ਰਾਹੀਂ ਪਿੰਡਾਂ ਦੀਆਂ 90 ਫ਼ੀਸਦੀ ਸਮੱਸਿਆਵਾਂ ਮੌਕੇ ‘ਤੇ ਹੀ ਹੱਲ ਹੋ ਰਹੀਆਂ ਹਨ ਅਤੇ ਜਿਹੜੇ ਕੰਮਾਂ ਲਈ ਗਰਾਂਟ ਜਾ ਫੇਰ ਜਗ੍ਹਾ ਆਦਿ ਦੀ ਜ਼ਰੂਰਤ ਹੈ ਉਸ ਲਈ ਵੀ ਸਬੰਧਤ ਵਿਭਾਗਾਂ ਨੂੰ ਮੌਕੇ ‘ਤੇ ਨਿਰਦੇਸ਼ ਦੇ ਕੇ ਕੰਮਾਂ ਨੂੰ ਸਮਾਂਬੱਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਵਿੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਣ ਦਾ ਮੁੱਖ ਮਕਸਦ ਹੀ ਇਹ ਹੈ ਕਿ ਅਧਿਕਾਰੀ ਮੌਕੇ ‘ਤੇ ਹੀ ਫੈਸਲਾ ਲੈ ਕੇ ਕਾਰਵਾਈ ਅਰੰਭ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੀ ਦਫ਼ਤਰ ਦੇ ਗੇੜੇ ਲਗਾਉਣ ਦੀ ਜ਼ਰੂਰਤ ਨਹੀਂ ਸਗੋਂ ਅਧਿਕਾਰੀ ਖੁਦ ਪਿੰਡਾਂ ‘ਚ ਆ ਕੇ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਉਣਗੇ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਅਮਾਮ ਪੁਰ, ਕਰਮਗੜ੍ਹ, ਨੰਦਪੁਰ ਕੇਸ਼ੋਂ, ਫੱਗਣਮਾਜਰਾ, ਕਸਿਆਣਾ, ਬਾਰਨ, ਮਾਜਰੀ ਅਕਾਲੀਆਂ, ਫਰੀਦਪੁਰ ਤੇ ਮਿਰਜ਼ਾਪੁਰ ਪਿੰਡਾਂ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕੰਮਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਨਿਰਧਾਰਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਦਿੱਤਾ ਜਾਣ ਵਾਲਾ 8 ਹਜ਼ਾਰ ਕਰੋੜ ਰੁਪਇਆ ਰੋਕੇ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਪਿੰਡ ਵਾਸੀਆਂ ਵੱਲੋਂ ਜਿਹੜੇ ਵੀ ਕੰਮ ਦੱਸੇ ਗਏ ਹਨ, ਉਹ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿੰਡਾਂ ਦੀਆਂ ਬਹੁਤੀਆਂ ਮੁਸ਼ਕਲਾਂ ਇਕ ਸਮਾਨ ਹੀ ਹਨ, ਜਿਸ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ, ਸੜ੍ਹਕਾਂ ਦੇ ਆਲੇ ਦੁਆਲੇ ਨਜਾਇਜ਼ ਕਬਜ਼ੇ, ਰੂੜੀਆਂ ਦੀ ਸਮੱਸਿਆ ਅਤੇ ਗਲੀਆਂ-ਨਾਲੀਆਂ ਦੀ ਸਮੱਸਿਆ। ਇਨ੍ਹਾਂ ਸਾਰੀਆਂ ਮਸ਼ਕਲਾਂ ਦੇ ਹੱਲ ਲਈ ਹੁਣ ਸਮਾਂ ਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਕੂੜੇ ਅਤੇ ਰੂੜੀਆਂ ਦੀ ਸਮੱਸਿਆ ਦੇ ਹੱਲ ਲਈ ਪਿੰਡਾਂ ‘ਚ ਠੋਸ ਤੇ ਤਰਲ ਕੂੜਾ ਪ੍ਰਬੰਧਨ ਲਈ ਛੋਟੇ ਛੋਟੇ ਪਲਾਂਟ ਲਗਾਏ ਜਾਣਗੇ, ਜਿਸ ਨਾਲ ਪਿੰਡ ਵਾਸੀਆਂ ਨੂੰ ਖਾਦ ਵੇਚ ਕੇ ਆਮਦਨ ਵੀ ਹੋ ਸਕੇਗੀ। ਨਜਾਇਜ਼ ਕਬਜ਼ੇ ਛੁਡਵਾਉਣ ਲਈ ਸੜ੍ਹਕਾਂ ਦੀ ਮਿਣਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤੇ ਹਨ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਇਸ ਲਈ ਐਮ.ਐਲ.ਏ ਪਿੰਡਾਂ ‘ਚ ਜਾ ਕੇ ਲੋਕਾਂ ਦੀਆਂ
ਮੁਸ਼ਕਲਾਂ ਸੁਣਨ ਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪਟਿਆਲਾ ਦਿਹਾਤੀ ਅਤੇ ਮੁਹੱਲਿਆਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਕਰਨਲ ਜੇ.ਵੀ. ਸਿੰਘ, ਐਸ.ਡੀ.ਐਮ. ਪਟਿਆਲਾ, ਐਡਵੋਕੇਟ ਰਾਹੁਣ ਸੈਣੀ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਬੀ.ਡੀ.ਪੀ.ਓ ਬਲਜੀਤ ਸਿੰਘ ਸੋਹੀ, ਭੂਮੀ ਰੱਖਿਆ ਅਫ਼ਸਰ ਡਾ. ਮਨਦੀਪ ਕੌਰ, ਤਹਿਸੀਲਦਾਰ ਮਨਮੋਹਨ ਕੁਮਾਰ, ਸੁਰੇਸ਼ ਰਾਏ, ਬਲਾਕ ਪ੍ਰਧਾਨ ਮੋਹਿਤ ਕੁਮਾਰ, ਓਮ ਪ੍ਰਕਾਸ਼, ਹੇਮ ਰਾਜ, ਅਮਨ ਭੁੱਲਰ, ਜਸਵਿੰਦਰ ਸਿੰਘ, ਹਰਪਾਲ ਸਿੰਘ ਵਿਰਕ, ਗੁਰਚਰਨ ਸਿੰਘ ਰੁਪਾਣਾ ਅਤੇ ਪਤਵੰਤੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਪਿੰਡਾਂ ਦੇ ਵਸਨੀਕ ਮੌਜੂਦ ਸਨ।