Canada Immigration Applications: ਕੈਨੇਡਾ ਨੇ ਇਸ ਸਾਲ ਨਵੰਬਰ ਦੇ ਅੰਤ ਤੱਕ ਰਿਕਾਰਡ 48 ਲੱਖ ਆਵਾਸ ਅਰਜ਼ੀਆਂ ਪ੍ਰਕਿਰਿਆ ’ਚੋਂ ਲੰਘਾ ਕੇ ਰਿਕਾਰਡ ਕਾਇਮ ਕੀਤਾ ਹੈ। ਆਵਾਸ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਇਸੇ ਸਮੇਂ ਤੱਕ 25 ਲੱਖ ਅਰਜ਼ੀਆਂ ’ਤੇ ਵਿਚਾਰ ਦਾ ਕੰਮ ਮੁਕੰਮਲ ਕੀਤਾ ਗਿਆ ਸੀ।
ਕੈਨੇਡਾ ਦੇ ਆਵਾਸ ਤੇ ਨਾਗਰਿਕਤਾ ਵਿਭਾਗ ਨੇ ਕਿਹਾ ਹੈ, ‘ਆਵਾਸ ਕੈਨੇਡਾ ਦੀ ਆਰਥਿਕਤਾ ਤੇ ਸਾਡੇ ਭਾਈਚਾਰਿਆਂ ਲਈ ਮਹੱਤਵਪੂਰਨ ਹੈ। ਨਵੇਂ ਆਉਣ ਵਾਲੇ ਲੋਕਾਂ ਨੇ ਸਾਡੇ ਮੁਲਕ ਦੀ ਉਸਾਰੀ ਵਿਚ ਮਦਦ ਕੀਤੀ ਹੈ, ਉਹ ਮਹਾਮਾਰੀ ਦੌਰਾਨ ਅੱਗੇ ਹੋ ਕੇ ਡਟੇ ਰਹੇ ਹਨ, ਤੇ ਸਾਡੀ ਸਫ਼ਲਤਾ ਦੀ ਅਹਿਮ ਕੜੀ ਰਹੇ ਹਨ।’
ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਸਰਕਾਰ ਮਹਾਮਾਰੀ ਦਾ ਬੈਕਲਾਗ ਕੱਢਣ ਵਿਚ ਲੱਗੀ ਹੋਈ ਹੈ। ਇਸ ਨੂੰ ਕਰੀਬ ਪੰਜ ਲੱਖ ਤੱਕ ਘਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਨਵੰਬਰ ਤੱਕ ਆਈਆਰਸੀਸੀ ਨੇ 6,70,000 ਤੋਂ ਵੱਧ ਸਟੱਡੀ ਪਰਮਿਟ ਪ੍ਰਕਿਰਿਆ ’ਚੋਂ ਲੰਘਾਏ ਹਨ। ਇਸੇ ਦੌਰਾਨ ਕਰੀਬ ਸੱਤ ਲੱਖ ਵਰਕ ਪਰਮਿਟ ਦੀਆਂ ਅਰਜ਼ੀਆਂ ਉਤੇ ਵੀ ਕੰਮ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਹੀਨਾਵਾਰ ਵਿਭਾਗ ਹੁਣ ਜ਼ਿਆਦਾ ਵਿਜ਼ਿਟਰ ਵੀਜ਼ਾ ਅਰਜ਼ੀਆਂ ਉਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਸੰਨ 2021 ’ਚ ਰਿਕਾਰਡ 4,05,000 ਨਵੇਂ ਪੀਆਰ (ਪੱਕੀ ਰਿਹਾਇਸ਼) ਧਾਰਕ ਪਹੁੰਚੇ ਹਨ। ਇਸ ਸਾਲ ਹੋਰ ਵੱਧ ਲੋਕਾਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ। ਵਿਭਾਗ ਨੇ ਅਰਜ਼ੀਆਂ ਨੂੰ ਡਿਜੀਟਲ ਰੂਪ ਦਿੱਤਾ ਹੈ, ਨਵੇਂ ਮੁਲਾਜ਼ਮ ਰੱਖੇ ਗਏ ਹਨ, ਪ੍ਰਕਿਰਿਆ ਨੂੰ ਕਾਰਗਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਟੋਮੇਸ਼ਨ ਤਕਨੀਕ ਦਾ ਵੀ ਸਹਾਰਾ ਲਿਆ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h