ਕੌਮੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵਿੱਚ ਸਿੱਖ ਔਰਤ ਦੇ ਜਬਰੀ ਧਰਮ ਪਰਿਵਰਤਨ ਦਾ ਮੁੱਦਾ ਆਪਣੇ ਪਾਕਿਸਤਾਨੀ ਹਮਰੁਤਬਾ ਕੋਲ ਉਠਾਉਣ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ।
ਖ਼ਬਰਾਂ ਮੁਤਾਬਕ ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਸੂਬੇ ਦੇ ਬੁਨੇਰ ਜ਼ਿਲੇ ਦੀ ਸਿੱਖ ਔਰਤ ਨੂੰ 20 ਅਗਸਤ ਨੂੰ ਹਥਿਆਰ ਦਿਖਾ ਕੇ ਅਗਵਾ ਕਰ ਲਿਆ ਗਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਵਿਆਹ ਕਰ ਲਿਆ ਗਿਆ।
ਬੀਨਾ ਕੁਮਾਰੀ ਨਾਮ ਦੀ ਇਸ ਮਹਿਲਾ ਦਾ ਵੀ ਕਹਿਣਾ ਹੈ ਕਿ ਉਸ ਨੇ ਇਹ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ।
ਇੱਕ ਵੀਡੀਓ ਵਿੱਚ ਕੁਮਾਰੀ ਨੇ ਕਿਹਾ, ”ਅੱਜ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ, ਇੱਕ ਮੁਸਲਮਾਨ ਮੁੰਡੇ ਨਾਲ। ਮੈਂ ਇਸਲਾਮ ਬਾਰੇ ਸਿੱਖਿਆ ਲਈ, ਇਸ ਲਈ ਮੈਂ ਇਸਲਾਮ ਕਬੂਲ ਕੀਤਾ।”
ਜਿਕਰਯੋਗ ਹੈ ਕਿ ਪਾਕਿਸਤਾਨ ਦੇ ਖ਼ੈਬਰ ਪਖਤੂਖਵਾ ਦੇ ਬੁਨੇਰ ਜ਼ਿਲ੍ਹੇ ਵਿੱਚ ਲੰਘੇ ਦੋ ਦਿਨਾਂ ਤੋਂ ਸਿੱਖ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਸਿੱਖ ਭਾਈਚਾਰੇ ਦੀ ਇੱਕ ਮਹਿਲਾ ਦਾ ਜ਼ਬਰਦਸਤੀ ਇਸਲਾਮ ‘ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ ਹੈ।
ਪ੍ਰਦਰਸ਼ਨ ਕਰਨ ਵਾਲਿਆਂ ਮੁਤਾਬਿਕ, ਭਾਈਚਾਰੇ ਦੀ ਇੱਕ ਮਹਿਲਾ ਬੀਨਾ ਕੁਮਾਰੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਮਹਿਲਾ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਕਰਵਾ ਦਿੱਤਾ ਗਿਆ।
ਇਸ ਮੌਕੇ ਇਸ ਦੌਰਾਨ, ਬੁਨੇਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਅਬਦੁਰ ਰਾਸ਼ੀਦ ਨੇ ਪਰਿਵਾਰ ਦੇ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਨੇ ਮਹਿਲਾ ਨੂੰ ਲੱਭ ਕੇ ਸਥਾਨਕ ਅਦਾਲਤ ਵਿੱਚ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੇ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਕੇ ਇਸਲਾਮ ਅਪਣਾਇਆ ਹੈ ਅਤੇ ਵਿਆਹ ਕਰਵਾਇਆ ਹੈ। ਉਸ ਨੇ ਇਸ ਸਬੰਧੀ ਜਾਇਜ਼ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਹਨ।”