ਨਵੀਂ ਦਿੱਲੀ, 8 ਜੂਨ
CBSE ਨੇ ਅੱਜ ਦੇਸ਼ ਭਰ ਦੇ ਸਕੂਲਾਂ ਨੂੰ ਕਿਹਾ ਹੈ ਕਿ ਉਹ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰਹਿੰਦੇ ਪ੍ਰੈਕਟੀਕਲ ਤੇ ਇੰਟਰਨਲ ਪ੍ਰੀਖਿਆਵਾਂ 28 ਜੂਨ ਤੱਕ ਮੁਕੰਮਲ ਕਰਵਾਉਣ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਦੇ ਪ੍ਰੈਕਟੀਕਲ ਸਿਰਫ ਆਨਲਾਈਨ ਹੀ ਕਰਵਾਉਣ। ਇਸ ਤੋਂ ਪਹਿਲਾਂ ਬੋਰਡ ਨੇ ਸਕੂਲਾਂ ਨੂੰ 12ਵੀਂ ਜਮਾਤ ਦੇ ਅੰਕ 11 ਜੂਨ ਤੱਕ ਭੇਜਣ ਦੇ ਹੁਕਮ ਦਿੱਤੇ ਸਨ।
ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਸਵਯਮ ਭਾਰਦਵਾਜ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਹਾਲੇ ਵੀ ਵੱਡੀ ਗਿਣਤੀ ਸਕੂਲਾਂ ਨੇ ਵਿਦਿਆਰਥੀਆਂ ਦੇ ਅੰਕਾਂ ਦਾ ਬਿਊਰਾ ਨਹੀਂ ਭੇਜਿਆ। ਸਕੂਲਾਂ ਨੇ ਵੀ ਬੋਰਡ ਨੂੰ ਅਪੀਲ ਕੀਤੀ ਸੀ ਕਿ ਕਈ ਅਧਿਆਪਕ ਤੇ ਸਟਾਫ ਮੈਂਬਰ ਕਰੋਨਾ ਪਾਜ਼ੇਟਿਵ ਹੋਣ ਕਾਰਨ ਕੰਮ ਪ੍ਰਭਾਵਿਤ ਹੋਇਆ ਹੈ, ਜਿਸ ਕਰ ਕੇ ਅੰਕ ਅਪਲੋਡ ਕਰਨ ਲਈ ਸਮਾਂ ਦਿੱਤਾ ਜਾਵੇ। ਕੰਟਰੋਲਰ ਨੇ ਕਿਹਾ ਕਿ ਸਕੂਲ ਹੁਣ 28 ਜੂਨ ਤੱਕ ਵਿਦਿਆਰਥੀਆਂ ਦੇ ਅੰਕਾਂ ਦਾ ਵੇਰਵਾ ਭੇਜਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕਿਸੇ ਸਕੂਲ ਵਿੱਚ ਸੀਬੀਐੱਸਈ ਦਾ ਐਗਜ਼ਾਮੀਨਰ ਨਾ ਆਵੇ ਤਾਂ ਉਹ ਸਕੂਲ ਆਪਣੇ ਵਿਸ਼ੇ ਦੇ ਅਧਿਆਪਕ ਕੋਲੋਂ ਇਹ ਪ੍ਰੈਕਟੀਕਲ ਆਨਲਾਈਨ ਕਰਵਾਉਣ ਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਅੰਕ ਉਸੇ ਦਿਨ ਬੋਰਡ ਦੇ ਲਿੰਕ ’ਤੇ ਅਪਲੋਡ ਕਰਨ। ਉਨ੍ਹਾਂ ਕਿਹਾ ਕਿ ਵਿਸ਼ਾ ਅਧਿਆਪਕ ਪ੍ਰੈਕਟੀਕਲ ਲੈਣ ਵਾਲਾ ਆਨਲਾਈਨ ਲਿੰਕ ਬੋਰਡ ਨਾਲ ਸ਼ੇਅਰ ਕਰਨ, ਇਸ ਤੋਂ ਬਾਅਦ ਬੋਰਡ ਅਧਿਕਾਰੀ ਇਸ ਪ੍ਰੀਖਿਆ ਦੀ ਆਨਲਾਈਨ ਨਜ਼ਰ ਰੱਖਣਗੇ ਪਰ ਪ੍ਰਾਜੈਕਟ ਦੇ ਮੁਲਾਂਕਣ ਲਈ ਸਕੂਲਾਂ ’ਚ ਅਧਿਕਾਰੀ ਭੇਜਿਆ ਜਾਵੇਗਾ।
ਪ੍ਰਾਈਵੇਟ ਵਿਦਿਆਰਥੀਆਂ ਲਈ ਨੀਤੀ ਜਲਦੀ ਬਣੇਗੀ
ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਾਰ੍ਹਵੀਂ ਜਮਾਤ ਦੇ ਸਾਲ 2021 ਲਈ ਰਜਿਸਟਰਡ ਪ੍ਰਾਈਵੇਟ ਵਿਦਿਆਰਥੀਆਂ ਲਈ ਪਾਲਸੀ ਨਵੇਂ ਸਿਰੇ ਤੋਂ ਬਣੇਗੀ, ਜਿਸ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਸੀਬੀਐੱਸਈ ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਰਹਿੰਦੇ ਪ੍ਰੈਕਟੀਕਲ 28 ਤੋਂ ਪਹਿਲਾਂ ਕਰਵਾਉਣ।