ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ 24 ਅਗਸਤ ਨੂੰ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲੀਸ ਨੂੰ ਚੌਕਸ ਕਰਦੇ ਹੋਏ ਸੂਬੇ ਵਿਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।
ਕੌਮੀ ਜਾਂਚ ਏਜੰਸੀ ਨੇ ਵੀ ਗੈਂਗਸਟਰ ਅਤੇ ਅਤਿਵਾਦੀਆਂ ਦਰਮਿਆਨ ਬਣੇ ਤਾਲਮੇਲ ’ਤੇ ਨਿਗ੍ਹਾ ਰੱਖੀ ਹੋਈ ਹੈ। ਚੰਡੀਗੜ੍ਹ ਪੁਲੀਸ ਨੇ ਅੱਜ ਇੱਥੇ ਸੈਕਟਰ 17 ਅਤੇ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ’ਤੇ ਮੁਸਤੈਦੀ ਵਧਾ ਦਿੱਤੀ ਹੈ। ਸੁਰੱਖਿਆ ਟੀਮਾਂ ਨੇ ਬੱਸ ਅੱਡੇ ’ਤੇ ਸਵਾਰੀਆਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ। ਅਧਿਕਾਰੀ ਦੱਸਦੇ ਹਨ ਕਿ ਰੇਲਵੇ ਸਟੇਸ਼ਨ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲੀਸ ਨੇ ਸੂਬੇ ਵਿਚ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਜ਼ਰਸਾਨੀ ਵਧਾ ਦਿੱਤੀ ਹੈ ਅਤੇ ਨਾਕੇ ਵੀ ਵਧਾ ਦਿੱਤੇ ਗਏ ਹਨ। ਕੇਂਦਰੀ ਖ਼ੁਫ਼ੀਆ ਏਜੰਸੀ ਨੇ ਹਾਲ ਹੀ ਵਿਚ ਪੰਜਾਬ ਦੇ ਕੁਝ ਕਾਂਗਰਸੀ ਨੇਤਾਵਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ।
ਪੰਜਾਬ ਪੁਲੀਸ ਵੱਲੋਂ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕਈ ਆਗੂਆਂ ਤੋਂ ਪੰਜਾਬ ਪੁਲੀਸ ਦੀ ਸੁਰੱਖਿਆ ਵਾਪਸ ਵੀ ਲਈ ਗਈ ਸੀ। ਐਤਕੀਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਚਾਰ ਅਤਿਵਾਦੀ ਵੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਦੇ ਵਿਦੇਸ਼ਾਂ ਵਿਚ ਸੰਪਰਕ ਜੁੜੇ ਹੋਣ ਦੀ ਗੱਲ ਆਖੀ ਗਈ ਹੈ। ਅੰਮ੍ਰਿਤਸਰ ਵਿਚ ਲੰਘੇ ਦਿਨੀਂ ਪੁਲੀਸ ਦੇ ਸਬ ਇੰਸਪੈਕਟਰ ਦੀ ਗੱਡੀ ਹੇਠ ਧਮਾਕਾਖ਼ੇਜ਼ ਸਮੱਗਰੀ ਲਾਏ ਜਾਣ ਤੋਂ ਰੌਲਾ ਪਿਆ ਸੀ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 19 ਅਗਸਤ ਨੂੰ ਪਟਿਆਲਾ ਦਾ ਦੌਰਾ ਕੀਤਾ ਜਾਣਾ ਸੀ। ਜਾਣਕਾਰੀ ਮੁਤਾਬਕ ਸੀਬੀਆਈ ਦੀ ਛਾਪੇਮਾਰੀ ਕਰਕੇ ਇਹ ਦੌਰਾ ਮੌਕੇ ’ਤੇ ਰੱਦ ਕਰਨਾ ਪਿਆ।