Chandigarh: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ‘ਚ ਦੇਸ਼ ਦੇ ਨਰਸਿੰਗ ਅਧਿਕਾਰੀ ਨੂੰ ਸਾਲ 2021 ਲਈ ਨੈਸ਼ਨਲ ਫਲੋਰੈਂਸ ਨਾਈਟਿੰਗੇਲ ਅਵਾਰਡ ਪ੍ਰਦਾਨ ਕੀਤੇ। ਚੰਡੀਗੜ੍ਹ ਦੀ ਨਰਸਿੰਗ ਅਫ਼ਸਰ ਹਰਿੰਦਰ ਕੌਰ ਵੀ ਐਵਾਰਡ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਹੈ। ਉਹ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਇਕੱਲੀ ਅਜਿਹੀ ਨਰਸ ਹੈ ਜਿਸ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।
ਹਰਿੰਦਰ ਕੌਰ ਨੂੰ ਇਹ ਸਨਮਾਨ ਕੋਵਿਡ-19 ਦੌਰਾਨ ਸੰਕਰਮਿਤ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਅਤੇ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਇੱਕ ਕਾਰਜ ਯੋਜਨਾ ਨੂੰ ਸਫ਼ਲਤਾਪੂਰਵਕ ਲਾਗੂ ਕਰਨ ‘ਤੇ ਦਿੱਤਾ ਗਿਆ ਹੈ। ਪ੍ਰੋਗਰਾਮ ਵਿਚ ਰਾਸ਼ਟਰਪਤੀ ਨੇ ਦੇਸ਼ ਭਰ ਦੇ 51 ਨਰਸਿੰਗ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।
ਦੱਸ ਦਈਏ ਕਿ ਹਰਿੰਦਰ ਕੌਰ ਜੀਐਮਐਸਐਚ-16 ਵਿਚ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਵਿਚ ਨਰਸਿੰਗ ਅਫ਼ਸਰ ਵਜੋਂ ਕੰਮ ਕਰ ਰਹੀ ਹੈ। ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ, ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਸੰਕਰਮਿਤ ਗਰਭਵਤੀ ਔਰਤਾਂ ਲਈ ਵੱਖਰੇ ਲੇਬਰ ਰੂਮ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਆਪਣੀ ਸੂਝ-ਬੂਝ ਅਤੇ ਕੁਸ਼ਲਤਾ ਦੇ ਬਲ ‘ਤੇ ਹਰਿੰਦਰ ਕੌਰ ਨੇ ਆਪਣੀ ਟੀਮ ਦੀ ਮਦਦ ਨਾਲ ਇਕ ਵੱਖਰਾ ਲੇਬਰ ਰੂਮ ਤਿਆਰ ਕੀਤਾ। ਇਸ ਵਿਚ, ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਤੀਜੀ ਲਹਿਰ ਤੱਕ, ਡੇਢ ਸੌ ਤੋਂ ਵੱਧ ਸੁਰੱਖਿਅਤ ਜਣੇਪੇ ਹੋਏ ਹਨ।
ਹਰਿੰਦਰ ਕੌਰ ਨੂੰ ਇਸ ਕਾਰਜ ਲਈ ਪਹਿਲਾਂ ਵੀ ਸੂਬਾ ਪੱਧਰ ‘ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹਰਿੰਦਰ ਦਾ ਕਹਿਣਾ ਹੈ ਕਿ ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਉਹ ਹਫ਼ਤਿਆਂ ਤੱਕ ਆਪਣੇ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹੀ, ਪਰ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਜੋ ਕੰਮ ਕੀਤਾ, ਉਸ ਕੰਮ ਨੇ ਉਸ ਨੂੰ ਬਹੁਤ ਸੰਤੁਸ਼ਟੀ ਦਿੱਤੀ। ਉਹ ਅੱਜ ਵੀ ਉਸੇ ਲਗਨ ਅਤੇ ਮਿਹਨਤ ਨਾਲ ਆਪਣੇ ਕੰਮ ਵਿਚ ਲੱਗੀ ਹੋਈ ਹੈ। ਯੂਟੀ ਨਰਸ ਐਸੋਸੀਏਸ਼ਨ ਅਤੇ ਯੂਟੀ ਪ੍ਰਸ਼ਾਸਨ ਨੇ ਉਸ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।
ਨੈਸ਼ਨਲ ਫਲੋਰੈਂਸ ਨਾਈਟਿੰਗੇਲ ਅਵਾਰਡ ਦੀ ਸਥਾਪਨਾ ਸਾਲ 1973 ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ ਨਰਸਾਂ ਅਤੇ ਨਰਸਿੰਗ ਪੇਸ਼ੇਵਰਾਂ ਦੁਆਰਾ ਸਮਾਜ ਵਿਚ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਕੀਤੀ ਗਈ ਸੀ।
ਇਹ ਵੀ ਪੜ੍ਹੋ : Canadian Rapper Drake ਨੇ ਕੀਤੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਇਸ ਮਾਮਲੇ ‘ਤੇ ਖਾਸ ਗੱਲਬਾਤ
ਇਹ ਵੀ ਪੜ੍ਹੋ : Sidhu Moosewala New Song: ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਖੁਲਾਸਾ, ਦੱਸਿਆ ਕਿਸ ਦੇ ਕਹਿਣ ‘ਤੇ ਲਿਖਿਆ ਸੀ ‘ਵਾਰ’ ਗੀਤ, ਵੀਡੀਓ