ਪੰਜਾਬ ਦੇ ਸਰਕਾਰੀ/ਨਿੱਜੀ ਤੇ ਐਫੀਲੀਏਟਿਡ ਸਕੂਲਾਂ ’ਚ ਸੋਮਵਾਰ ਤੋਂ ਨਵੇਂ ਅਕਾਦਮਿਕ ਵਰ੍ਹੇ 2024-25 ਦਾ ਆਗ਼ਾਜ਼ ਹੋ ਗਿਆ ਹੈ। ਇਸ ਦੇ ਨਾਲ ਸੀਨੀਅਰ ਸੈਕੰਡਰੀ, ਹਾਈ ਮਿਡਲ ਤੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਵੀ ਤਬਦੀਲ ਹੋ ਜਾਵੇਗਾ। ਸਾਰੇ ਸਕੂਲ ਸਵੇਰੇ 8 ਵਜੇ ਖੁੱਲ੍ਹਣਗੇ ਤੇ 2:00 ਵਜੇ ਛੁੱਟੀ ਹੋਵੇਗੀ। ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮਾਂ ਤਬਦੀਲੀ ਦੇ ਹੁਕਮ 30 ਸਤੰਬਰ 2024 ਤਕ ਲਾਗੂ ਰਹਿਣਗੇ।
ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਸਕੂਲਾਂ ਦਾ ਸਮਾਂ ਇਹ ਹੀ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਤੱਕ ਹੁੰਦਾ ਸੀ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੁੰਦਾ ਸੀ।
ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਸਿੱਖਿਆ ਵਿਭਾਗ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਸਕੂਲ ਖੁੱਲ੍ਹਣ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਰਦੀਆਂ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ। 1 ਅਪ੍ਰੈਲ ਤੋਂ 31 ਅਕਤੂਬਰ ਤੱਕ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।
ਸਿੰਗਲ ਸ਼ਿਫਟ ਸਕੂਲਾਂ ‘ਚ ਸਟਾਫ਼ ਦਾ ਸਮਾਂ ਸਵੇਰੇ 7.50 ਵਜੇ ਤੋਂ ਦੁਪਹਿਰ 2:10 ਵਜੇ ਤੱਕ ਹੋਵੇਗਾ। ਇਸ ਦੇ ਨਾਲ ਹੀ ਬੱਚੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹਿਣਗੇ। ਡਬਲ ਸ਼ਿਫਟ ਵਾਲੇ ਸਕੂਲਾਂ ‘ਚ ਪਹਿਲੀ ਸ਼ਿਫਟ 7.15 ਵਜੇ ਸ਼ੁਰੂ ਹੋਵੇਗੀ ਤੇ 1.35 ਤੱਕ ਚੱਲੇਗੀ, ਜਦਕਿ ਦੂਜੀ ਸ਼ਿਫਟ ਸਵੇਰੇ 11.10 ਵਜੇ ਤੋਂ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ।
ਬੱਚਿਆਂ ਲਈ ਪਹਿਲੀ ਸ਼ਿਫਟ ਦਾ ਸਮਾਂ 7.15 ਤੋਂ 12.45 ਤੱਕ ਤੇ ਦੂਜੀ ਸ਼ਿਫਟ ਦੇ ਬੱਚਿਆਂ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ।
ਵਿਭਾਗ ਵਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ 23 ਮਈ ਤੋਂ 30 ਜੂਨ ਤੱਕ 39 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਅਧਿਆਪਕਾਂ ਤੇ ਸਟਾਫ਼ ਨੂੰ 28 ਤੇ 29 ਜੂਨ ਨੂੰ ਹਾਜ਼ਰ ਰਹਿਣਾ ਹੋਵੇਗਾ। ਆਟਮਬ੍ਰੇਕ 29 ਅਕਤੂਬਰ ਤੋਂ 1 ਨਵੰਬਰ ਤੱਕ 4 ਦਿਨ ਦੀ ਹੈ। ਸਰਦੀਆਂ ਦੀਆਂ ਛੁੱਟੀਆਂ 26 ਦਸੰਬਰ ਤੋਂ 7 ਜਨਵਰੀ ਤੱਕ 13 ਦਿਨਾਂ ਲਈ ਹੋਣਗੀਆਂ। ਇਸ ਤੋਂ ਇਲਾਵਾ 19 ਅਗਸਤ ਨੂੰ ਰੱਖੜੀ ਤੇ 2 ਨਵੰਬਰ ਨੂੰ ਗੋਵਰਧਨ ਪੂਜਾ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਪ੍ਰਿੰਸੀਪਲ ਤੇ ਸਕੂਲ ਮੁਖੀ ਆਪਣੇ ਪੱਧਰ ‘ਤੇ 1 ਦਿਨ ਦੀ ਛੁੱਟੀ ਲੈ ਸਕਣਗੇ।