ਚੰਡੀਗੜ੍ਹ- ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਡਿਸਟਿਲਰੀਆਂ ਅਤੇ ਬੋਟਲਿੰਗ ਪਲਾਂਟਾਂ ‘ਤੇ ਤਾਇਨਾਤ ਆਬਕਾਰੀ ਅਤੇ ਕਰ ਅਧਿਕਾਰੀਆਂ (ਈ.ਟੀ.ਓਜ਼) ਅਤੇ ਆਬਕਾਰੀ ਇੰਸਪੈਕਟਰਾਂ ਦੀ ਹਾਜ਼ਰੀ ਦੀ ਆਬਕਾਰੀ ਵਿਭਾਗ ਦੀ ਈ-ਸਰਵੇਲੈਂਸ ਪ੍ਰਣਾਲੀ ਰਾਹੀਂ ਅਚਨਚੇਤ ਚੈਕਿੰਗ ਕੀਤੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਆਬਕਾਰੀ ਅਤੇ ਕਰ ਭਵਨ ਵਿਖੇ ਆਬਕਾਰੀ ਇਨਫੋਰਸਮੈਂਟ ਅਧਿਕਾਰੀਆਂ ਲਈ ਅਧਿਕਾਰਤ ਜੈਕੇਟ ਲਾਂਚ ਕਰਨ ਲਈ ਪੁੱਜੇ ਹੋਏ ਸਨ, ਨੇ ਡਿਸਟਿਲਰੀਆਂ, ਬਰੂਅਰੀਜ਼ ਅਤੇ ਬੋਟਲਿੰਗ ਪਲਾਂਟਾਂ ਦੇ ਨਿਰਮਾਣ ਯੂਨਿਟਾਂ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਨਾਲੋ-ਨਾਲ ਕੀਤੀ ਜਾ ਰਹੀ ਈ-ਨਿਗਰਾਨੀ ਦਾ ਜਾਇਜ਼ਾ ਲੈਣ ਲਈ ਮੁੱਖ ਦਫਤਰ, ਮੋਹਾਲੀ ਵਿਖੇ ਚਲਾਏ ਜਾ ਰਹੇ ਕੰਟਰੋਲ ਰੂਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਇਨ੍ਹਾਂ ਯੂਨਿਟਾਂ ਵਿੱਚ ਤਾਇਨਾਤ ਆਬਕਾਰੀ ਇੰਸਪੈਕਟਰਾਂ ਅਤੇ ਆਬਕਾਰੀ ਅਧਿਕਾਰੀਆਂ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਗੈਰਹਾਜ਼ਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਆਪਣੀ ਡਿਊਟੀ ਦੌਰਾਨ ਵਰਤੀ ਗਈ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕਰੇਗੀ।
ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਸ. ਹਰਪਾਲ ਸਿੰਘ ਚੀਮਾ ਨੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਸਮੇਤ ਇਸ ਤੋਂ ਤੋਂ ਉੱਪਰਲੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਲਈ ਅਧਿਕਾਰਤ ਜੈਕਟਾਂ ਨੂੰ ਲਾਂਚ ਕੀਤਾ। ਇਨ੍ਹਾਂ ਹਾਫ ਜੈਕਟਾਂ ‘ਤੇ ਆਬਕਾਰੀ ਵਿਭਾਗ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਲੋਗੋ ਵੀ ਹੈ ਅਤੇ ਰਾਤ ਵੇਲੇ ਨਾਕੇ ਅਤੇ ਛਾਪੇਮਾਰੀ ਦੌਰਾਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਮਕਦਾਰ ਪੱਟੀਆਂ ਲਗਾਈਆਂ ਗਈਆਂ ਹਨ। ਇੰਨਫੋਰਸਮੈਂਟ ਗਤੀਵਿਧੀਆਂ ਨਾਲ ਸਬੰਧਤ ਆਬਕਾਰੀ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਅਧਿਕਾਰਤ ਜੈਕਟਾਂ ਜਾਂ ਪਹਿਰਾਵੇ ਦੀ ਮੰਗ ਕਰ ਰਹੇ ਸਨ।
ਇਸ ਮੌਕੇ ਆਬਕਾਰੀ ਅਤੇ ਕਰ ਮੰਤਰੀ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਿਸੇ ਅਧਿਕਾਰਤ ਪਹਿਰਾਵੇ ਦੀ ਅਣਹੋਂਦ ਕਾਰਨ ਇੰਨਫੋਰਸਮੈਂਟ ਨਾਲ ਸਬੰਧਤ ਕਾਰਵਾਈਆਂ ਦੌਰਾਨ ਉਨ੍ਹਾਂ ਦੀ ਵਿਲੱਖਣ ਪਹਿਚਾਣ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਮੌਕੇ ਕਈ ਔਕੜਾਂ ਪੇਸ਼ ਆ ਰਹੀਆਂ ਸਨ। ਉਨ੍ਹਾਂ ਆਬਕਾਰੀ ਇੰਸਪੈਕਟਰਾਂ ਸਮੇਤ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੋਂ ਨਾਕਿਆਂ ਅਤੇ ਛਾਪਿਆਂ ਦੌਰਾਨ ਇਹ ਹਾਫ ਜੈਕਟ ਜ਼ਰੂਰ ਪਹਿਨਣਗੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਜਿੱਥੇ ਪੰਜਾਬ ਸਰਕਾਰ ਦੀ ਆਬਕਾਰੀ ਆਮਦਨ ਨੂੰ ਸੁਰੱਖਿਅਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਉਥੇ ਸ਼ਰਾਬ ਦੀ ਤਸਕਰੀ ਅਤੇ ਨਜਾਇਜ਼ ਸ਼ਰਾਬ ਕੱਢਣ ਦੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਆਬਕਾਰੀ ਅਮਲੇ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h