ਨਾਨਕਸ਼ਾਹੀ ਕੈਲੰਡਰ ਅਨੁਸਾਰ ਚੇਤ ਸਾਲ ਦਾ ਪਹਿਲਾ ਮਹੀਨਾ ਹੈ। ਚੇਤ ਮਹੀਨੇ ਤੋਂ ਹੀ ਪਾਰਸੀਆਂ ਦਾ ਨਵਾਂ ਸਾਲ ਨਵਰੋਜ਼ ਸ਼ੁਰੂ ਹੁੰਦਾ ਹੈ। ਨਾਨਕਸ਼ਾਹੀ ਸਾਲ ਦਾ ਆਧਾਰ ਗੁਰੂ ਨਾਨਕ ਦੇਵ ਵੱਲੋਂ ਰਚਿਤ ਬਾਰਾਹ ਮਾਹ ਤੁਖਾਰੀ ਨੂੰ ਹੀ ਮੰਨਿਆ ਜਾਂਦਾ ਹੈ। ਹਰ ਕੋਈ ਕਾਮਨਾ ਕਰਦਾ ਹੈ ਕਿ ਨਵਾਂ ਸਾਲ ਖੁਸ਼ੀਆਂ ਭਰਿਆ ਚੜ੍ਹੇ। ਗੁਰਮੁਖੀ ਲਿਪੀ ਵਿੱਚ ਪਹਿਲੀ ਵਾਰ ਬਾਰਾਹ ਮਾਹ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਕੀਤੀ ਸਾਹਮਣੇ ਆਉਂਦੀ ਹੈ, ਜੋ ਆਦਿ ਗ੍ਰੰਥ ਵਿੱਚ ਸ਼ਾਮਲ ਹੈ। ਬਾਰਾਹ ਮਾਹ ਰਚਣ ਨੂੰ ਬਦਲਦੀਆਂ ਰੁੱਤਾਂ ਅਤੇ ਮਹੀਨਿਆਂ ਮੁਤਾਬਕ ਬਦਲਦੇ ਕੁਦਰਤੀ ਮੌਸਮ ਨੂੰ ਪਿਛੋਕੜ ਵਿੱਚ ਰੱਖ ਉਸ ਪ੍ਰਭੂ ਪ੍ਰੀਤਮ ਦੀ ਸਿਫ਼ਤ ਸਲਾਹ ਨਾਲ ਜੋੜਿਆ ਗਿਆ ਹੈ। ਉਸ ਮਾਲਕ ਪਭੂ-ਪ੍ਰੀਤਮ ਤੋਂ ਵਿਛੜੀ ਜੀਵ ਆਤਮਾ ਦੇ ਪ੍ਰਭੂ ਨਾਲ ਮਿਲਾਪ ’ਤੇ ਜ਼ੋਰ ਦਿੱਤਾ ਗਿਆ ਹੈ। ਪੰਜਾਬ ਵਿੱਚ ਬਾਰਾਮਾਹ ਰਚਣ ਦੀ ਪ੍ਰੰਪਰਾ ਕਰੀਬ ਇੱਕ ਹਜ਼ਾਰ ਸਾਲ ਪੁਰਾਣੀ ਹੈ। ਇਹ ਲੋਕ ਕਾਵਿ ਹੈ। ਇਹ ਮਹੀਨਾ ਹਿੰਦੂ ਤੇ ਇੰਡੀਅਨ ਕੈਲੰਡਰ ਦੇ ਚੇਤਰ ਮਹੀਨੇ ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਗਰੈਗਰੀ ਕੈਲਡਰ ਵਿੱਚ ਇਹ ਮਹੀਨਾ ਅੱਧ ਮਾਰਚ ਤੋਂ ਅੱਧ ਅਪਰੈਲ ਤਕ ਆਉਂਦਾ ਹੈ। ਇਸ ਮਹੀਨੇ ਬੂਟੇ ਫੁੱਟ ਆਉਂਦੇ ਹਨ। ਚੇਤ ਤੋਂ ਬਾਅਦ ਵਿਸਾਖ ਚੜ੍ਹਨ ਤੱਕ ਰੁੱਖ ਨਵੇਂ ਪੱਤੇ ਕੱਢ ਕੇ ਲੋਕਾਂ ਨੂੰ ਛਾਂ ਦਾ ਆਨੰਦ ਦਿੰਦੇ ਹਨ। ਥਾਂ ਹੀ ਸਿਆਣਿਆਂ ਨੇ ਕਿਹਾ, ‘‘ਇੱਕ ਰੁੱਖ ਸੌ ਸੁੱਖ।’’ ਪਰਿੰਦੇ ਜੰਗਲਾਂ ਵਿੱਚ ਕੁਦਰਤ ਦੇ ਗੀਤ ਗਾਉਣ ਲੱਗਦੇ ਹਨ ਤੇ ਉਸ ਸਰਬਸ਼ਕਤੀਮਾਨ ਦੀ ਉਸਤਤਿ ਵਿੱਚ ਲੱਗ ਜਾਂਦੇ ਹਨ। ਚੇਤ ਮਹੀਨੇ ਦਾ ਫੁੱਲਾਂ ਨਾਲ ਖਾਸ ਸਬੰਧ ਹੈ। ਜਦੋਂ ਪੰਜਾਬ ਦੀਆਂ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਕਵਿਤਾ ਮੱਲੋ-ਮੱਲੀ ਜ਼ੁਬਾਨ ’ਤੇ ਆ ਜਾਂਦੀ ਹੈ:
ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ! ਜੀਕਰ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ!
ਪੰਜਾਬੀ ਦੇ ਪ੍ਰਸਿੱਧ ਕਵੀ ਫਿਰੋਜ਼ਦੀਨ ਸ਼ਰਫ ਨੇ ਚੇਤ ਮਹੀਨੇ ਮਾਹੀ ਦੇ ਵਿਛੋੜੇ ਕਾਰਨ ਦਿਲ ਵਿੱਚ ਫੈਲੀ ਬੇਚੈਨੀ ਦਾ ਜ਼ਿਕਰ ਕੀਤਾ ਹੈ:
ਚੇਤਰ ਚੈਨ ਨਾ ਆਵੇ ਦਿਲ ਨੂੰ,
ਤੇਰੇ ਬਾਝੋਂ ਪਿਆਰੇ ਜੀ।
ਮੈਂ ਹਾਂ ਤੇਰੇ ਦਰ ਦੀ ਬਰਦੀ,
ਮੱਲੇ ਤੇਰੇ ਦੁਆਰੇ ਜੀ।
ਤੇਰੇ ਬਾਝੋਂ ਡੁਬਦੀ ਬੇੜੀ,
ਕਿਹੜਾ ਮੇਰੀ ਤਾਰੇ ਜੀ।
‘ਸ਼ਰਫ਼’ ਬੰਦੀ ਦੀ ਆਸ ਪੁਜਾਈਂ,
ਦੇਵੀਂ ਝੱਬ ਦੀਦਾਰੇ ਜੀ।
ਮਾਸਟਰ ਮਹਿੰਦਰ ਸਿੰਘ ਮਾਨੂੰਪੁਰੀ ਦੀ ਕਵਿਤਾ ਦੀ ਪਹਿਲੀ ਸਤਰ ‘ਚੇਤ ਮਹੀਨਾ ਚੜ੍ਹਦਾ ਹੈ ਕਣਕੀ ਸੋਨਾ ਮੜ੍ਹਦਾ ਹੈ’ ਸਪੱਸ਼ਟ ਕਰਦੀ ਹੈ ਕਿ ਚੇਤ ਵਿੱਚ ਕਣਕ ਦੀਆਂ ਬੱਲੀਆਂ ਪੀਲੀਆਂ ਪੈਣ ਲੱਗਦੀਆਂ ਹਨ ਤੇ ਦਾਣੇ ਪੱਕਣ ਲੱਗਦੇ ਹਨ। ਫਸਲਾਂ ਜਵਾਨ ਹੋਣ ’ਤੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਆ ਜਾਂਦੀਆਂ ਹਨ। ਸਾਰਾ ਧਿਆਨ ਕਣਕ ਦੀ ਫਸਲ ਸੰਭਾਲਣ ’ਤੇ ਲੱਗ ਜਾਂਦਾ ਹੈ। ਕਣਕ ਨੂੰ ਕਿਸਾਨ ਸੋਨੇ ਜਿੰਨੀ ਕੀਮਤੀ ਮੰਨਦਾ ਹੈ। ਇਸ ਰੁੱਤ ’ਚ ਤਾਂ ਕਿਸਾਨ ਕੋਲ ਮਰਨ ਦਾ ਵਿਹਲ ਵੀ ਨਹੀਂ ਹੁੰਦਾ।
ਪੰਜਾਬੀ ਸਭਿਆਚਾਰ ਵਿੱਚ ਜਦੋਂ ਵਿਛੋੜੇ ਦੇ ਸੱਲ ਦੀ ਗੱਲ ਹੁੰਦੀ ਹੈ ਤਾਂ ਕਿਸੇ ਮੁਟਿਆਰ ਦੇ ਦਿਲ ਦੇ ਵਲਵਲਿਆਂ ਦਾ ਪ੍ਰਗਟਾਵਾ ਇੱਕ ਲੋਕ ਗੀਤ ਦੇ ਵਿੱਚ ਇੰਝ ਹੁੰਦਾ ਹੈ:
ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ ਕੋਈ ਨਹੀਂ ਜਾਣਦਾ,
ਉਹ ਗਿਆ ਪ੍ਰਦੇਸ ਜੋ ਸਾਡੇ ਹਾਣ ਦਾ।
ਜਾਂ
ਚੇਤਰ ਨਾ ਜਾਈਂ ਚੰਨਾ ਖਿੜੀ ਬਹਾਰ ਵੇ।
ਇਸ ਤੋਂ ਵੀ ਪਤਾ ਲੱਗਦਾ ਹੈ ਕਿ ਚੇਤ ਮਹੀਨੇ ਬਹਾਰ ਖਿੜ ਜਾਂਦੀ ਹੈ। ਬਹਾਰ ਬਾਗਾਂ ਵਿੱਚ ਹੀ ਨਹੀਂ, ਦਿਲਾਂ ਵਿੱਚ ਵੀ ਖਿੜਦੀ ਹੈ:
ਚੇਤ ਦੇ ਮਹੀਨੇ ਨੌਂ ਰੱਖਾਂ ਨਰਾਤੇ
ਮੈਂ ਜਪਾਂ ਭਗਵਾਨ ਲਾਲ ਮਿਲ ਆ ਆਪੇ।
ਜਦੋਂ ਚੇਤ ਦੇ ਧਾਰਮਿਕ ਪੱਖ ਵੱਲ ਨਜ਼ਰ ਮਾਰਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਬਾਰਾਹ ਮਾਹ ਰਾਗ ਮਾਂਝ ਦੇ ਸ਼ੁਰੂਆਤ ਵਿੱਚ ਫੁਰਮਾਉਂਦੇ ਹਨ:
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥
ਬਾਰਾਹ ਮਾਹ ਦੀ ਬਾਣੀ ਇਕ ਬਹੁਤ ਹੀ ਵਿਯੋਗਮਈ ਤਰੀਕੇ ਨਾਲ ਮਾਲਕ, ਪ੍ਰਭੂ, ਪਰਮੇਸ਼ਰ ਨੂੰ ਬੇਨਤੀ ਹੈ ਕਿ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮੇਲ ਲਵੋ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸਮਾਜ ਵਿੱਚ ਬੇਹੱਦ ਕਰਮ ਕਾਂਡ ਫੈਲੇ ਹੋਏ ਸਨ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੀ ਬੇਨਤੀ ’ਤੇ ਸਮਾਜ ਨੂੰ ਨਰੋਈ ਸੇਧ ਦੇਣ ਲਈ ਬਾਰਾਹ ਮਾਹ ਦੀ ਰਚਨਾ ਕੀਤੀ। ਇਸ ਦੇ ਸ਼ੁਰੂ ਵਿੱਚ ਮੰਗਲ ਆਉਂਦਾ ਹੈ। ਪੁਰਾਤਨ ਸਮੇਂ ਤੋਂ ਇੱਕ ਰਿਵਾਇਤ ਚੱਲੀ ਆਉਂਦੀ ਸੀ ਕਿ ਲੋਕ ਕਿਸੇ ਵੱਡੇ ਸਿਆਣੇ ਬੰਦੇ ਦੇ ਮੂਹੋਂ ਨਵੇਂ ਚੜ੍ਹੇ ਮਹੀਨੇ ਦਾ ਸੰਗਰਾਂਦ ਵਾਲੇ ਦਿਨ ਨਾਂ ਸੁਣਦੇ ਅਤੇ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਮਹੀਨਾਂ ਸੁੱਖ ਦਾ ਬੀਤੇਗਾ ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪ੍ਰਭੂ-ਪ੍ਰਮੇਸ਼ਰ ਦਾ ਗੁਣਗਾਣ ਕਰਨ ਦੇ ਨਾਲ ਹੀ ਮਹੀਨਾ ਸੁੱਖ ਦਾ ਲੰਘ ਸਕਦਾ ਹੈ। ਉਨ੍ਹਾਂ ਨੇ ਪ੍ਰਭੂ ਦੇ ਸਿਮਰਨ ਨੂੰ ਧਿਆਨ ਵਿੱਚ ਰੱਖ ਕੇ ਬਾਰਾਹ ਮਾਹ ਦੀ ਰਚਨਾ ਕੀਤੀ, ਜੋ ਕਿ ਰਾਗ ਤੁਖਾਰੀ ਵਿੱਚ ਹੈ।
ਜਦੋਂ ਫੱਗਣ ਮਹੀਨੇ ਦੇ ਖਿੜੇ ਹੋਏ ਫੁੱਲ ਚੇਤ ਮਹੀਨੇ ਵਿੱਚ ਮਹਿਕਾਂ ਖਿਲਾਰਦੇ ਹਨ ਤਾਂ ਅਸੀਂ ਚਾਈਂ- ਚਾਈਂ ਫੁੱਲ ਤੋੜ ਕੇ ਪਰਮਾਤਮਾ ਦੇ ਚਰਨਾਂ ਵਿੱਚ ਚੜ੍ਹਾ ਦਿੰਦੇ ਹਾਂ। ਗੱਲ ਸਮਝਣ ਵਾਲੀ ਹੈ ਕਿ ਜਿਹੜੇ ਫੁੱਲ ਅਸੀਂ ਬੀਜੇ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪਾਣੀ ਲਾਇਆ, ਉਨ੍ਹਾਂ ਨੂੰ ਤੋੜ ਕੇ ਮਾਲਕ ਦੇ ਚਰਨਾਂ ਵਿੱਚ ਚੜ੍ਹਾ ਕੇ ਕੀ ਮਾਲਕ ਖੁਸ਼ ਹੋ ਜਾਵੇਗਾ? ਅਸਲ ਵਿੱਚ ਮਾਲਕ ਤਾਂ ਘਟ-ਘਟ ਵਿੱਚ ਵਸਦਾ ਹੈ ਅਤੇ ਉਹ ਅੰਤਰਜਾਮੀ ਹੈ। ਸਿੱਧੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਨਾਦਾਨ ਕਾਰਨ ਹੈ। ਅਸੀਂ ਮਾਨਸਿਕ ਤਸੱਲੀ ਦੇਣ ਲਈ ਅਜਿਹੇ ਕਾਰਜ ਕਰਦੇ ਹਾਂ।
ਕੁਦਰਤ ਜਦੋਂ ਚੇਤ ਮਹੀਨੇ ਵਿੱਚ ਮੇਲਦੀ ਹੈ ਤਾਂ ਚਾਰੇ ਪਾਸੇ ਮਹਿਕਾਂ ਫੈਲ ਜਾਂਦੀਆਂ ਹਨ। ਜਦੋਂ ਚੇਤ ਚੜ੍ਹਦਾ ਹੈ ਤਾਂ ਪਹੁ ਫੁੱਟਦਿਆਂ ਸਾਰ ਹੀ ਸਾਰੇ ਪਾਸੇ ਮਹਿਕਾਂ ਫੈਲੀਆਂ ਹੁੰਦੀਆਂ ਹਨ। ਉੱਤਰੀ ਭਾਰਤ ਵਿੱਚ ਅੰਬਾਂ ਅਤੇ ਫਲਦਾਰ ਬੂਟਿਆਂ ਲੀਚੀਆਂ, ਆੜੂਆਂ ਆਦਿ ਨੂੰ ਬੂਰ ਪੈ ਜਾਂਦੇ ਹਨ। ਬਾਗਬਾਨ ਨੂੰ ਉਮੀਦ ਪੈਦਾ ਹੋ ਜਾਂਦੀ ਹੈ ਕਿ ਫਸਲ ਭਰਵੀਂ ਹੋਵੇਗੀ। ਸਰ੍ਹੋਂ ਨੂੰ ਦਾਣਾ ਪੈ ਜਾਂਦਾ ਤੇ ਕਣਕ ਬੱਲੀਆਂ ’ਤੇ ਆ ਜਾਂਦੀ ਹੈ। ਗੱਲ ਕੀ ਹਰ ਪਾਸੇ ਉਮੀਦ ਦਾ ਸੰਚਾਰ ਹੋ ਜਾਂਦਾ ਹੈ। ਫਿਰ ਸਮੁੱਚੀ ਲੋਕਾਈ ਵਿੱਚ ਇਸ ਪੱਕੀ ਫਸਲ ’ਤੇ ਗੜੇ ਪੈਣ ਦਾ ਡਰ ਪੈਦਾ ਹੁੰਦਾ ਰਹਿਦਾ ਹੈ ਤੇ ਕਿਸਾਨਾਂ ਵੱਲੋਂ ਉਸ ਸਰਬ ਸ਼ਕਤੀਮਾਨ ਅੱਗੇ ਅਰਜੋਈਆਂ ਦੀ ਝੜੀ ਲੱਗੀ ਰਹਿੰਦੀ ਹੈ। ਇਸ ਮਹੀਨੇ ਦੇ ਅਖੀਰ ਵਿੱਚ ਸਰ੍ਹੋਂ ਪੱਕ ਜਾਵੇਗੀ ਅਤੇ ਵਿਸਾਖ ਚੜ੍ਹਦਿਆਂ-ਚੜ੍ਹਦਿਆਂ ਫਸਲ ਵੱਢ ਕੇ ਪਿੰਡਾਂ ਦੀ ਨਿਆਈ ਵਿੱਚ ਪਿੜਾਂ ’ਚ ਲਾ ਦਿੱਤੀ ਜਾਵੇਗੀ। ਫਿਰ ਥਰੈਸ਼ਰਾਂ ਰਾਹੀਂ ਕੱਢ ਲਈ ਜਾਵੇਗੀ। ਇਹ ਸਰੋਂ ਤੋਂ ਕੋਹਲੂ ਰਾਹੀਂ ਤੇਲ ਕੱਢ ਲਿਆ ਜਾਵੇਗਾ ਅਤੇ ਫਿਰ ਇਹ ਤੇਲ ਲੋਕਾਂ ਦੇ ਪਕਵਾਨ ਬਣਾਉਣ ਦੇ ਕੰਮ ਆਉਂਦਾ ਹੈ। ਇਸ ਤੇਲ ਦੇ ਹੀ ਪੀਰਾਂ ਫਕੀਰਾਂ ਦੀਆਂ ਮਜਾਰਾਂ ’ਤੇ ਦੀਵੇ ਜਗਦੇ ਨੇ। ਆਮ ਲੋਕ ਅੱਜ ਵੀ ਸਰ੍ਹੋਂ ਦੇ ਤੇਲ ਨਾਲ ਸਰੀਰ ਦੀ ਮਾਲਸ਼ ਕਰਨੇ ਹਨ। ਸਰ੍ਹੋਂ ਸਾਂਭਣ ਬਾਅਦ ਕਣਕ ਨੂੰ ਵਾਢੀ ਪੈਣੀ ਹੁੰਦੀ ਹੈ। ਇਹ ਕੰਮ ਪੁਰਾਤਨ ਸਮਿਆਂ ਵਿੱਚ ਵਿਸਾਖ ਮਹੀਨੇ ਸ਼ਰੂ ਹੁੰਦਾ ਸੀ। ਹੁਣ ਮਸ਼ੀਨੀਕਰਨ ਦੇ ਦੌਰ ਵਿੱਚ ਕਣਕ ਕਈ ਵਾਰ ਚੜ੍ਹਦੇ ਵਿਸਾਖ ਹੀ ਮੰਡੀਆਂ ਵਿੱਚ ਆ ਜਾਂਦੀ ਹੈ।
ਪੁਰਾਤਨ ਸਮੇਂ ਵਿੱਚ ਲੁਹਾਰ ਵਾਢੀ ਦੇ ਮੱਦੇਨਜ਼ਰ ਦਾਤੀਆਂ ਅਤੇ ਤੰਗਲੀਆਂ ਤਿਆਰ ਕਰਦੇ। ਇਹ ਉਹ ਹੀ ਤੰਗਲੀ ਹੈ, ਜਿਸ ਦਾ ਜ਼ਿਕਰ ਲੋਕ ਕਵੀ ਸੰਤ ਰਾਮ ਉਦਾਸੀ ਆਪਣੇ ਗੀਤ ਵਿੱਚ ਇੰਝ ਕਰਦੇ ਹਨ।:
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ੍ਹਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ।’
ਚੇਤ ਮਹੀਨੇ ਕਿਸਾਨ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਵੇੜਾਂ ਵੱਟਦੇ। ਇਹ ਵੇੜਾਂ ਦੁੱਭ ਦੀਆਂ ਵੱਟੀਆਂ ਹੁੰਦੀਆਂ। ਆਮ ਤੌਰ ’ਤੇ ਪਿੰਡਾਂ ਦੇ ਬਾਹਰਵਾਰ ਪਿੱਪਲਾਂ ਬਰੋਟਿਆਂ ਥੱਲੇ ਵੇੜਾਂ ਵੱਟੀਆਂ ਜਾਂਦੀਆਂ। ਇੱਕ ਸਿਆਣਾ ਕਿਸਾਨ ਦੁੱਭ ਲਾਉਂਦਾ ਜਾਂਦਾ ਤੇ ਦੂਜਾ ਘਿਰਲੀ ਨਾਲ ਦੁਭ ਦੀ ਬੇੜ ਨੂੰ ਵਟਾ ਦੇਈ ਜਾਂਦਾ ਅਤੇ ਨਾਲ ਦੀ ਨਾਲ ਹੀ ਇੱਕ-ਇੱਕ ਕਦਮ ਪਿੱਛੇ ਹੱਟਦਾ ਜਾਂਦਾ। ਬੇੜ ਲੰਮੀ ਹੁੰਦੀ ਜਾਂਦੀ ਅਤੇ ਇਸ ਤਰ੍ਹਾਂ ਵੇੜਾਂ ਵੱਟਣ ਦਾ ਕਾਰਜ ਦਿਨ ਭਰ ਚੱਲਦਾ ਰਹਿੰਦਾ। ਸ਼ਾਮ ਨੂੰ ਵੇੜਾਂ ਇੱਕ ਡੰਡੇ ’ਤੇ ਇਕੱਠੀਆਂ ਕਰਕੇ ਇੰਨੂਏ ਬਣਾ ਲਏ ਜਾਂਦੇ। ਬੇੜਾਂ ਨੂੰ ਸਾਂਭ ਲਿਆ ਜਾਂਦਾ। ਇਹ ਕਾਰਜ ਕਈ ਕਈ ਦਿਨ ਚੱਲਦਾ ਰਹਿੰਦਾ ਹੈ। ਫਿਰ ਮਸ਼ੀਨਾਂ ਰਾਹੀਂ ਵੱਟਿਆ ਬਾਣ ਆਉਣ ਲੱਗ ਪਿਆ।
ਹੁਣ ਭਾਵੇਂ ਮਸ਼ੀਨੀਕਰਨ ਕਰਕੇ ਬੇੜਾਂ ਵੱਟਣੀਆਂ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਪਰ ਕਹਿਣ ਦਾ ਮਤਲਬ ਇਹ ਹੈ ਕਿ ਚੇਤ ਚੜ੍ਹਦਿਆਂ ਹੀ ਲੋਕਾਂ ਦੇ ਕੰਮ ਧੰਦੇ ਆਰੰਭੇ ਜਾਂਦੇ ਹਨ। ਹਾੜ੍ਹੀ ਵੱਢਣ ਤੋਂ ਪਹਿਲਾਂ ਦੀ ਤਿਆਰੀ ਇਸ ਮਹੀਨੇ ਹੋ ਸ਼ੁਰੂ ਹੋ ਜਾਂਦੀ ਹੈ।