ਅੱਜ ਮੁੱਖ ਮੰਤਰੀ ਭਗਵੰਤ ਮਾਨ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਜਾਣਗੇ ਜਿਥੇ ਉਹ ਸ਼ਹੀਦ ਅਜੈ ਸਿੰਘ ਦੇ ਘਰ ਜਾਣਗੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਇਸ ਦੇ ਨਾਲ ਹੀ ਉਹ ਸ਼ਹੀਦ ਨੌਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਦੇਣਗੇ।
ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਜੈ ਸਿੰਘ ਅੱਜ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਬਾਰਡਰ ’ਤੇ ਵਿਛਾਈ ਗਈ ਬਾਰੂਦੀ ਸੁਰੰਗ ਫੱਟਣ ਦੇ ਕਾਰਨ ਸ਼ਹੀਦੀ ਹੋ ਗਿਆ ਸੀ । ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਵਿਚ ਦੇਸ਼ ਦੀ ਸੇਵਾ ਲਈ ਗਿਆ ਅਜੇ ਸਿੰਘ ਹਾਲੇ 6 ਮਹੀਨੇ ਪਹਿਲਾਂ ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ ਆਪਣੇ ਪਰਿਵਾਰ ਤੋਂ ਇਲਾਵਾ ਦੋਸਤਾਂ ਮਿੱਤਰਾਂ ਨੂੰ ਹੁਣ ਤੱਕ ਦੀ ਨੌਕਰੀ ਦੌਰਾਨ ਕੀਤੀਆਂ ਸ਼ਲਾਘਾਯੋਗ ਪ੍ਰਾਪਤੀਆਂ ਬਾਰੇ ਦੱਸਦਾ ਨਹੀਂ ਥਕਦਾ ਸੀ। ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 4 ਭੈਣਾਂ ਵਿਆਹੀਆਂ ਹੋਈਆਂ ਹਨ ਅਤੇ 2 ਕੁਆਰੀਆਂ ਹਨ ਅਤੇ ਆਪ ਵੀ ਅਜੇ ਕੁਆਰਾ ਸੀ।
ਅਜੈ ਸਿੰਘ ਆਪਣੇ ਦੋ ਸਾਥੀਆਂ ਸੂਬੇਦਾਰ ਧਰਮਿੰਦਰ ਸਿੰਘ ਅਤੇ ਸਿਪਾਹੀ ਬਲਵੰਤ ਸਿੰਘ ਸਮੇਤ ਰਜੌਰੀ ਜਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਖੇ ਰੁਟੀਨ ਗਸ਼ਤ ‘ਤੇ ਜਾ ਰਿਹਾ ਸੀ ਕਿ ਜ਼ਮੀਨ ਹੇਠ ਲਗਾਈ ਗਈ ਇੱਕ ਬਰੂਦੀ ਸੁਰੰਗ ਫੱਟਣ ਨਾਲ ਤਿੰਨੋਂ ਜਣੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਊਧਮਪੁਰ ਦੇ ਬੇਸ ਕੈਂਪ ਹਸਪਤਾਲ ਵਿਖੇ ਲਿਆਉਣ ਤੋਂ ਬਾਅਦ ਅਜੈ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।