ਮਾਨ ਨੇ ਸੁਨੀਤਾ ਕੇਜਰੀਵਾਲ ਨਾਲ ਵੀ ਕੀਤੀ ਮੁਲਾਕਾਤ, ਕਿਹਾ – ਅਰਵਿੰਦ ਕੇਜਰੀਵਾਲ ਵੀ ਜਲਦੀ ਬਾਹਰ ਆਉਣਗੇ, ਜਾਂਚ ਏਜੰਸੀਆਂ ਕੋਲ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਭਾਜਪਾ ਨੇ ਸਾਡੇ ਲੀਡਰਾਂ ਨੂੰ ਜੇਲ੍ਹਾਂ ਵਿਚ ਰੱਖ ਕੇ ਪਾਰਟੀ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਡੀ ਏਕਤਾ ਨਹੀਂ ਤੋੜ ਸਕੇ – ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਲਗਭਗ ਡੇਢ ਸਾਲ ਤੱਕ ਤਾਨਾਸ਼ਾਹੀ ਦਾ ਸ਼ਿਕਾਰ ਰਹੇ, ਪਰ ਆਖ਼ਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ।
ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਹਨ। ਜਾਂਚ ਏਜੰਸੀਆਂ ਨੂੰ ਉਨ੍ਹਾਂ ਵਿਰੁੱਧ ਕੁਝ ਨਹੀਂ ਮਿਲਿਆ ਤਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਦਿੱਲੀ ਦੇ ਬੱਚਿਆਂ ਦੇ ਭਵਿੱਖ ਲਈ ਆਪਣਾ ਕੰਮ ਦੁਬਾਰਾ ਸ਼ੁਰੂ ਕਰਨਗੇ।
ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਵੀ ਸੀ। ਇਸੇ ਲਈ ਮਾਨ ਨੇ ਸੁਨੀਤਾ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਜਲਦੀ ਬਾਹਰ ਆਉਣਗੇ। ਜਾਂਚ ਏਜੰਸੀਆਂ ਕੋਲ ਕੇਜਰੀਵਾਲ ਤੇ ‘ਆਪ’ ਆਗੂਆਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਜੇਲ੍ਹ ਵਿੱਚ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਰੱਖ ਕੇ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਾਡੀ ਏਕਤਾ ਨੂੰ ਤੋੜ ਨਹੀਂ ਸਕੇ। ਸਾਡੇ ਸਾਰੇ ਆਗੂ ਇੱਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣ। ਉਨ੍ਹਾਂ ਨੇ ਪਾਰਟੀ ਦੇ ਖ਼ਿਲਾਫ਼ ਅਫ਼ਵਾਹਾਂ ਫੈਲਾਈਆਂ ਅਤੇ ਇਹ ਵੀ ਝੂਠਾ ਪ੍ਰਚਾਰ ਕੀਤਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਦਾ ਨਾਂ ਲੈ ਲੈਣ ਅਤੇ ਸਿਸੋਦੀਆ ਕੇਜਰੀਵਾਲ ਦਾ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਸਭਿਆਚਾਰ ਨਹੀਂ ਹੈ। ਅਸੀਂ ਇਕੱਠੇ ਕੰਮ ਕਰਨ ਵਾਲੇ ਲੋਕ ਹਾਂ।
ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਹੁਣ ਉਹ ਖ਼ੁਦ ਮਾਨਸਿਕ ਤੌਰ ‘ਤੇ ਮਜ਼ਬੂਤ ਹੋ ਕੇ ਨਿਕਲੇ ਹਨ। ਅਰਵਿੰਦ ਕੇਜਰੀਵਾਲ ਵੀ ਇਸ ਤਰ੍ਹਾਂ ਮਜ਼ਬੂਤ ਹੋ ਕੇ ਨਿਕਲਣਗੇ। ਦੇਸ਼ ਦੀ ਰਾਜਨੀਤੀ ਦਾ ਭਵਿੱਖ ਆਮ ਆਦਮੀ ਪਾਰਟੀ ਹੈ। ਅਸੀਂ ਪੰਜਾਬ ਅਤੇ ਦਿੱਲੀ ਵਿੱਚ ਜਿਸ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਹੈ, ਉਸ ਦੀ ਦੇਸ਼ ਭਰ ਦੇ ਲੋਕ ਸ਼ਲਾਘਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਆਰਡੀਐਫ ਅਤੇ ਐਨਐਚਐਮ ਸਮੇਤ ਕਈ ਸਕੀਮਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਫ਼ੰਡ ਰੋਕ ਲਏ ਹਨ। ਉਹ ਸੋਚਦੇ ਹਨ ਕਿ ਪੈਸਾ ਰੋਕ ਕੇ ਪੰਜਾਬ ਸਰਕਾਰ ਝੁਕ ਜਾਵੇਗੀ, ਪਰ ਅਸੀਂ ਝੁਕਣ ਵਾਲੇ ਨਹੀਂ ਹਾਂ। ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਅਸੀਂ ਆਪਣੇ ਹੱਕ ਮੰਗ ਰਹੇ ਹਾਂ ਅਤੇ ਪੰਜਾਬ ਵਾਸੀ ਆਪਣਾ ਹੱਕ ਲੈਣਾ ਜਾਣਦੇ ਹਨ।