ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਘੇਰਦਿਆਂ ਕਿਹਾ ਕਿ ਇਹ ਸਭ ਇਕ ਡਰਾਮਾ ਅਤੇ ਸੋਚੀ ਸਮਝੀ ਰਾਜਨੀਤੀ ਸੀ। ਕਾਂਗਰਸ ਅਤੇ ਅਕਾਲੀ ਦਲ ਗੇਮ ਖੇਡ ਰਹੀ ਸੀ। ਇਹ ਸਭ ਕੁੱਝ ਜਨਤਾ ਦੀਆਂ ਅੱਖਾਂ ’ਚ ਧੂੜ ਪਾਉਣ ਲਈ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੂੰ ਮਜੀਠੀਆ ਨੂੰ 20-22 ਦਿਨ ਪੈਣੇ ਸਨ ਕਿਉਂਕਿ ਇਨ੍ਹਾਂ ਦੀ ਆਪਸ ਵਿੱਚ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਖੁਲਾਸਾ ਕਰ ਚੁੱਕੀ ਸੀ ਕਿ ਚੋਣਾਂ ਨੇੜੇ ਆ ਕੇ ਬਿਕਰਮ ਮਜੀਠੀਆ ’ਤੇ ਝੂਠੀ ਕਾਰਵਾਈ ਦਾ ਕਮਜ਼ੋਰ ਪਰਚਾ ਦਰਜ ਹੋਵੇਗਾ ਅਤੇ ਕੁੱਝ ਦਿਨਾਂ ਬਾਅਦ ਅਦਾਲਤ ਤੋਂ ਉਸ ਨੂੰ ਜ਼ਮਾਨਤ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਆਮ ਜਨਤਾ ਕੋਲੋਂ ਕੋਈ ਛੋਟਾ ਮੋਟਾ ਨਸ਼ਾ ਫੜਿਆ ਜਾਵੇ ਤਾਂ ਵੀ ਉਸ ਨੂੰ 10 ਸਾਲ ਦੀ ਕੈਦ ਹੋ ਜਾਂਦੀ ਹੈ ਪਰ ਮਜੀਠੀਆ ’ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਉਸ ਨੂੰ ਜ਼ਮਾਨਤ ਵੀ ਮਿਲ ਗਈ।
ਭਗਵੰਤ ਮਾਨ ਨੇ ਕਿਹਾ ਕਿ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿਰਫ ਫੇਸਬੁੱਕ ’ਤੇ ਹੀ ਵਾਹ-ਵਾਹ ਖੱਟੀ ਹੈ। ਪਹਿਲਾਂ ਕਮਜ਼ੋਰ ਕੜੀ ਤਹਿਤ ਬਾਦਲਾਂ ਦੀਆਂ ਬੱਸਾਂ ਜ਼ਬਤ ਕੀਤੀਆਂ ਗਈਆਂ ਫਿਰ ਜਦੋਂ ਇਹ ਮਾਮਲਾ ਹਾਈਕੋਰਟ ਵਿਚ ਪਹੁੰਚਿਆ ਤਾਂ ਬੱਸਾਂ ਬਹਾਲ ਵੀ ਕਰ ਦਿੱਤੀਆਂ ਗਈਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 111 ਦਿਨਾਂ ਵਿੱਚ ਸਰਕਾਰ ਨਹੀਂ ਸਗੋਂ ਸਰਕਸ ਚਲਾਈ ਹੈ। ਚੰਨੀ ਸਰਕਾਰ ਨੇ 111 ਦਿਨਾਂ ਦੇ ਅੰਦਰ ਹੀ 4 DGP, 2 ਐਡਵੋਕੇਟ ਜਨਰਲ ਅਤੇ ਵੱਡੇ ਪੱਧਰ ‘ਤੇ ਪੁਲਸ ਅਫਸਰਾਂ ਦੇ ਤਬਾਦਲੇ ਕੀਤੇ ਗਏ।