ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ’ਚ ਕਪੂਰਥਲਾ ਹਾਊਸ ’ਚ ਆਪਣੇ ਮੁੱਖ ਸਲਾਹਕਾਰ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਬੈਠਕ ਕੀਤੀ, ਜਿਸ ’ਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਚੋਣ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਕ ਘੰਟੇ ਦੀ ਬੈਠਕ ਦੌਰਾਨ ਦੋਵਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਤੇ ਚਰਚਾ ਕੀਤੀ।ਇਸ ਬੈਠਕ ਨਾਲ ਇਹ ਸਾਫ਼ ਹੋ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਲਈ ਪੰਜਾਬ ’ਚ ਕੰਮ ਕਰਨਗੇ। 2017 ’ਚ ਵੀ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਤੇ ਕਾਂਗਰਸ ਲਈ ਕੰਮ ਕੀਤਾ ਸੀ। ਹੁਣ ਵੀ ਪ੍ਰਸ਼ਾਂਤ ਵੱਲੋਂ ਕਾਂਗਰਸ ਖ਼ਾਸ ਤੌਰ ’ਤੇ ਮੁੱਖ ਮੰਤਰੀ ਨੂੰ ਚੋਣ ਮੁੱਦਿਆਂ, ਰਣਨੀਤੀ ਤੇ ਵਿਰੋਧੀ ਧਿਰ ਵਿਰੁੱਧ ਚੁੱਕੇ ਜਾਣ ਵਾਲੇ ਮੁੱਦਿਆਂ ’ਤੇ ਸਲਾਹ ਦਿੱਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੀ ਦੁਪਹਿਰ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਗਏ ਹਨ। ਚੰਡੀਗੜ੍ਹ ਪਹੁੰਚਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਮੰਤਰੀਆਂ, ਵਿਧਾਇਕਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਾਰਿਆਂ ਨੂੰ ਸਰਕਾਰੀ ਕੰਮਕਾਜ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਕੈਪਟਨ ਨੇ ਆਪਣੇ ਨੇੜਲੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਕਾਫੀ ਆਸਵੰਦ ਦਿਖਾਈ ਦੇ ਰਹੇ ਸਨ।