ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਅੱਜ ਐਲਾਨ ਹੋ ਗਿਆ ਹੈ। ਪੰਜਾਬ ਵਿੱਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਮੈਂਨੂੰ ਖੁਸ਼ੀ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ, ਹਰ ਵਰਗ ਨੂੰ ਰਾਹਤ ਦੇਣ ਦਾ ਕੰਮ ਕੀਤਾ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਸੀ.ਐੱਮ. ਚਿਹਰੇ ‘ਤੇ ਗੱਲ ਕਰਦਿਆਂ ਕਿਹਾ ਕਿ, ਪਾਰਟੀ ਤੈਅ ਕਰੇਗੀ ਪੰਜਾਬ ਦਾ ਅਗਲਾ ਸੀ.ਐੱਮ. ਚਿਹਰਾ ਕੌਣ ਹੋਵੇਗਾ। ਮੈਂ 111 ਦਿਨਾਂ ਦਾ ਮੁੱਖ ਮੰਤਰੀ ਬਣਿਆ। ਇਸ ਸਮੇਂ ਦੌਰਾਨ 1100 ਦਿਨਾਂ ਦਾ ਕੰਮ ਮੈਂ ਸਿਰਫ 111 ਦਿਨਾਂ ਵਿੱਚ ਪੂਰਾ ਕੀਤਾ। ਜਨਤਾ ਤੋਂ ਫੀਡਬੈਕ ਲੈ ਕੇ ਪਾਰਟੀ ਤੈਅ ਕਰੇਗੀ ਪੰਜਾਬ ਦਾ ਅਗਲਾ ਸੀ.ਐੱਮ. ਚਿਹਰਾ ਕੌਣ ਹੋਵੇਗਾ।
ਇਸ ਦੌਰਾਨ ਉਨ੍ਹਾਂ ਨੇ ਪ੍ਰਧਾਮ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੀ.ਐੱਮ. ਮੋਦੀ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਈ ਹੈ। ਭਾਜਪਾ ਸਿਰਫ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ।