ਕਾਂਗਰਸ ਦੇ ਲੁਧਿਆਣਾ ਤੋਂ ਐੱਮ. ਪੀ. ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਦੀ ਸਿਆਸਤ ਅਤੇ ਪਾਰਟੀ ‘ਚ ਚੱਲ ਰਹੇ ਅੰਦਰੂਨੀ ਮਸਲਿਆਂ ਨੂੰ ਲੈ ਕੇ ਪ੍ਰੋ-ਪੰਜਾਬ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖੀ।
ਕਾਂਗਰਸ ਪਾਰਟੀ ‘ਚ ਚੱਲ ਰਹੇ ਅੰਦਰੂਨੀ ਮਸਲਿਆਂ ਜਿਵੇਂ ਸਿੱਧੂ ਮੂਸੇਵਾਲਾ ਅਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵਰਗੇ ਵੱਡੇ ਚਿਹਰਿਆਂ ਵੱਲੋਂ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ‘ਤੇ ਸੂਬੇ ਦੇ ਕੁਝ ਵਰਕਰਾਂ ਵੱਲੋਂ ਇਤਰਾਜ਼ ਜਤਾਏ ਜਾਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੇ ਪਰਿਵਾਰਾਂ ‘ਚ ਕੁਝ ਗੱਲਾਂ ਹੋ ਜਾਂਦੀਆਂ ਹਨ ਪਰ ਇਸ ਨੂੰ ਬਾਅਦ ‘ਚ ਇਕੱਠੇ ਬੈਠ ਕੇ ਹੱਲ ਵੀ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੋਸ਼ਲ ਮੀਡੀਆ ਦਾ ਸਮਾਂ ਹੋਣ ਕਾਰਨ ਗੱਲਾਂ ਬਾਹਰ ਆ ਜਾਂਦੀਆਂ ਹਨ ਪਰ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।
ਕਾਂਗਰਸ ਦੇ ਮੁੱਖ ਮੰਤਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੀ.ਐਮ. ਚਿਹਰਾ ਉਹ ਹੀ ਹੋਵੇਗਾ ਜਿਸ ਨੇ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਹਨ ਜੇਕਰ ਸੀ.ਐਮ. ਚੰਨੀ ਦੇ 111 ਦਿਨ੍ਹਾਂ ਦੇ ਕੀਤੇ ਕੰਮਾਂ ‘ਤੇ ਸਰਕਾਰ ਬਣਦੀ ਹੈ ਤਾਂ ਕਾਂਗਰਸ ਦੇ ਮੁੱਖ ਮੰਤਰੀ ਵੀ ਉਹ ਹੀ ਹੋਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹੀ ਅਫਵਾਹ ਫੈਲਾ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਨੂੰ ਇਸ ਬਾਰ ਮੁੱਖ ਮੰਤਰੀ ਨਹੀਂ ਹੋਣਗੇ ਉਹ ਕੋਰਾ ਝੂਠ ਬੋਲ ਰਹੇ ਹਨ।