ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿਖੇ ਆਪਣੇ ਰਿਹਾਇਸ਼ ‘ਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣਾਂ ਦੀ ਤਰੀਖ ਅੱਗੇ ਵਧਾਏ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ‘ਤੇ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਚੋਣਾਂ ਦੀ ਤਰੀਕ ਅੱਗੇ ਵਧਾਈ, ਜਿਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿਚ ਸ਼ਾਮਲ ਹੋਏ ਫਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ ਦਾ ਉਨ੍ਹਾਂ ਨੇ ਸਵਾਗਤ ਕੀਤਾ। ਆਸ਼ੂ ਬਾਂਗੜ ਡਿਪਟੀ ਸੀ.ਐੱਮ. ਰੰਧਾਵਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਸੀ.ਐੱਮ. ਚੰਨੀ ਨੇ ਕਿਹਾ ਕਿ ਬਾਹਰੋਂ ਆ ਕੇ ਲੋਕ ਪੰਜਾਬ ਦੇ ਲੋਕਾਂ ਨੂੰ ਵਰਗਲਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਤੋਂ ਆਸ਼ੂ ਬੰਗੜ ਨੂੰ ਟਿਕਟ ਦਿੱਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ‘ਆਪ’ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ। ਸੀ.ਐਮ. ਚੰਨੀ ਨੇ ਇਹ ਵੀ ਕਿਹਾ ਕਿ ਆਸ਼ੂ ਬੰਗੜ ਹੀ ਫਿਰੋਜ਼ਪੁਰ ਦਿਹਾਤੀ ਤੋਂ ਚੋਣ ਲੜਨਗੇ।
ਇਸ ਦੌਰਾਨ ਆਸ਼ੂ ਬੰਗੜ ਨੇ ‘ਆਪ’ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ‘ਆਪ’ ਦੀ ਪੰਜਾਬ ਦੀ ਕਿਸੇ ਲੀਡਰਸ਼ਿਪ ਦੀ ਕੋਈ ਸੁਣਵਾਈ ਨਹੀਂ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਤੰਗ ਆ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਹੈ।