ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਗੋਆ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਅਮਿਤ ਪਾਲੇਕਰ ਦਾ ਨਾਮ ਸੀ.ਐੱਮ. ਚਿਹਰੇ ਵਜੋਂ ਐਲਾਨਿਆ। ਉਨ੍ਹਾਂ ਦਾ ਨਾਮ ਸੂਚੀ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਗੋਆ ਵਿੱਚ ਕਰੀਬ 35 ਫ਼ੀਸਦੀ ਆਬਾਦੀ ਭੰਡਾਰੀ ਸਮਾਜ ਦਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੋਆ ਦੇ ਲੋਕ ਮੌਜੂਦਾ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਇਹ ਉਹ ਆਗੂ ਹਨ ਜਿਨ੍ਹਾਂ ਨੇ ਸਿਆਸਤ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਗੋਆ ਨੂੰ ਇੱਕ ਅਜਿਹਾ CM ਚਿਹਰਾ ਦੇ ਰਹੇ ਹਾਂ, ਜਿਸ ਦੇ ਦਿਲ ਵਿੱਚ ਗੋਆ ਵਸਦਾ ਹੈ, ਜਿਸਦਾ ਦਿਲ ਗੋਆ ਲਈ ਧੜਕਦਾ ਹੈ, ਜੋ ਗੋਆ ਲਈ ਆਪਣੀ ਜਾਨ ਦੇ ਸਕਦਾ ਹੈ। ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇਗਾ। ਭਾਵੇਂ ਉਹ ਉੱਤਰੀ ਗੋਆ ਤੋਂ ਹੋਣ ਜਾਂ ਦੱਖਣੀ ਗੋਆ ਤੋਂ, ਜਾਤੀ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ। ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਜਿਸ ਨੂੰ ਕੋਈ ਮੂਰਖ ਨਹੀਂ ਬਣਾ ਸਕੇਗਾ।