ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਹੈਬੋਵਾਲ ‘ਚ ਜੁਰਾਬਾਂ ਵੇਚਣ ਵਾਲੇ ਨਿਆਣੇ ਵੰਸ਼ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਵੰਸ਼ ਨੂੰ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਲਈ ਕਿਹਾ ਹੈ ਅਤੇ ਡੀ. ਸੀ. ਲੁਧਿਆਣਾ ਨੂੰ ਪਰਿਵਾਰ ਦੀ ਜਲਦ ਹੀ ਵਿੱਤੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ 10 ਸਾਲਾ ਵੰਸ਼ ਜੋ ਕਿ ਲੁਧਿਆਣਾ ਦੀਆਂ ਸੜਕਾਂ ‘ਤੇ ਜੁਰਾਬਾਂ ਵੇਚਦਾ ਹੈ, ਉਸਦੀ ਵੀਡੀਓ ਵਾਇਰਲ ਹੋਈ ਸੀ। ਉਹ ਵੀਡੀਓ ਦੇਖਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਸ ਦੇ ਪਰਿਵਾਰ ਦੀ 2 ਲੱਖ ਦੀ ਵਿੱਤੀ ਮਦਦ ਤੋਂ ਇਲਾਵਾ ਉਸ ਪੜ੍ਹਾਈ ਲਈ ਪੂਰੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ ਹੈ।
ਵੰਸ਼ ਦੀ ਇੱਕ ਕਾਰ ਵਾਲੇ ਵੱਲੋਂ ਜੁਰਾਬਾਂ ਦੇ 50 ਰੁਪਏ ਵੱਧ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਉਸ ਨੇ ਵਾਧੂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੀ ਵਾਇਰਲ ਹੋਈ ਵੀਡੀਓ ਦੇਖ ਕੇ ਮੁੱਖ ਮੰਤਰੀ ਨੇ ਵੰਸ਼ ਅਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲੜਕੇ ਦੇ ਆਤਮ-ਵਿਸ਼ਵਾਸ ਤੋਂ ਪ੍ਰਭਾਵਿਤ ਸੀ ਅਤੇ ਮੁੰਡੇ ਦੀ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੱਖਾਂ ਵਿਊਜ਼ ਹਾਸਲ ਕੀਤੇ, ਲੋਕਾਂ ਨੇ ਉਸਦੀ ਇਮਾਨਦਾਰੀ ਦਾ ਅਤੇ ਮਾਣ-ਇੱਜ਼ਤ ਦੀ ਪ੍ਰਸ਼ੰਸਾ ਕੀਤੀ। ਵੰਸ਼ ਦਾ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦਾ ਹੈ ਅਤੇ ਮਾਂ ਰਾਣੀ ਸੁਆਣੀ ਹੈ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇੱਕ ਵੱਡਾ ਭਰਾ ਹੈ, ਅਤੇ ਪਰਿਵਾਰ ਹੈਬੋਵਾਲ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।