ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਹੱਕ ‘ਚ ਵੱਡੇ ਫੈਸਲੇ ਲਏ ਜਾ ਰਹੇ ਹਨ। ਬੀਤੇ ਦਿਨ ਮੰਗਲਵਾਰ ਵੀ ਉਨ੍ਹਾਂ ਪੰਜਾਬੀ ਯੂਨਿਵਰਸਿਟੀ ਪਟਿਆਲਾ ਵਿਖੇ ਪਹੁੰਚ ਕਰ ਉਥੇ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕਰਦਿਆਂ ਪੰਜਾਬੀ ਯੂਨਿਵਰਸਿਟੀ ਨੂੰ ਕਰਜਾ ਮੁਕਤ ਕਰਨ ਦਾ ਵੱਡਾ ਐਲਾਨ ਕੀਤਾ।
ਉਨ੍ਹਾਂ ਪੰਜਾਬੀ ਯੂਨਿਵਰਸਿਟੀ ਪਟਿਆਲਾ ‘ਚ ਪਹੁੰਚ ਆਪਣੇ ਪੁਰਾਣੇ ਕਿੱਤੇ ਦੇ ਕਲਾਕਾਰਾਂ ਭਾਈਆਂ ਯੋਗਰਾਜ ਸਿੰਘ, ਗੁੱਗੂ ਗਿੱਲ, ਗੁਰਪ੍ਰੀਤ ਸਿੰਘ ਘੁੱਗੀ ਵਰਗੇ ਵੱਡੇ ਕਲਾਕਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੁੱਖ ਮੰਤਰੀ ਬਣਨ ਤੋਂ ਬਾਅਦ ਸੀ.ਐਮ. ਭਗਵੰਤ ਮਾਨ ਵੱਲੋਂ ਅਦਾਕਾਰਾਂ ਨਾਲ ਕੀਤੀ ਗਈ ਇਹ ਪਹਿਲੀ ਮੁਲਾਕਾਤ ਸੀ। ਜਿਨ੍ਹਾਂ ‘ਚ ਯੋਗਰਾਜ ਸਿੰਘ ਵੀ ਇੱਕ ਸਨ। ਯੋਗਰਾਜ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਤੇ ਸਾਬਕਾ ਸੀ.ਐਮ. ਚਰਨਜੀਤ ਸਿੰਘ ਚੰਨੀ ਲਈ ਪ੍ਰਚਾਰ ਕਰਦੇ ਵੀ ਨਜ਼ਰ ਆਏ ਸੀ। ਅੱਜ ਪ੍ਰੋ-ਪੰਜਾਬ ਦੇ ਪੱਤਰਕਾਰ ਗਗਨਦੀਪ ਸਿੰਘ ਵੱਲੋਂ ਯੋਗਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਪੰਜਾਬ ਦੇ ਨਵੇਂ ਬਣੇ ਸੀ.ਐਮ. ਭਗਵੰਤ ਮਾਨ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਉਥੇ ਹੀ ਉਨ੍ਹਾਂ ਸਾਬਕਾ ਸੀ.ਐਮ. ਚਰਨਜੀਤ ਸਿੰਘ ਚੰਨੀ ਦੀ ਦੋਵੇਂ ਸੀਟਾਂ ‘ਤੇ ਹੋਈ ਹਾਰ ਦਾ ਕਾਰਨ ਵੀ ਦੱਸਿਆ।
ਚਰਨਜੀਤ ਸਿੰਘ ਚੰਨੀ ਦੀ ਡਰਾਮੇਬਾਜੀ ਤੇ ਦੋਵੇਂ ਸੀਟਾਂ ‘ਤੇ ਹਾਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਪ ਦਾ ਅੰਡਰਕਰੰਟ ਸੀ ਤੇ ਲੋਕ ਇਨ੍ਹਾਂ ਪਾਰਟੀਆਂ ਨੂੰ ਪਰਖ ਚੁੱਕੇ ਸਨ ਪਰ ਅਜਿਹਾ ਨਹੀਂ ਸੋਚਿਆ ਸੀ ਕਿ ਉਹ ਦੋਵੇ ਸੀਟਾਂ ਤੋਂ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਇਕ ਤਰਫਾ ਫਤਵਾ ਦੇ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਰਿਕਸ਼ਾ ਚਲਾਣਾ, ਬਕਰੀ ਚੌਣਾ ਅਜਿਹੀਆਂ ਗੱਲਾਂ ਕੋਈ ਕਰਨ ਵਾਲੀਆਂ ਨਹੀਂ ਸੀ, ਮਾਈਨੇ ਤਾਂ ਇਹ ਰੱਖਦਾ ਹੈ ਕਿ ਉਨ੍ਹਾਂ ਨੇ ਪੰਜਾਬ ਲਈ ਕੀਤਾ ਕੀ ਹੈ।
ਨਵਜੋਤ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਮੇਰੇ ਬੜੇ ਪਿਆਰੇ ਹਨ ਪਰ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗੱਲਾਂ ਨੇ ਪਾਰਟੀ ਦਾ ਕਾਫੀ ਨੁਕਸਾਨ ਕਰਵਾਇਆ ਉਨ੍ਹਾਂ ਨੇ ਕਿਹਾ ਮੈਂ ਜੋ ਵੀ ਕੀਤਾ ਉਹ ਗੁਰੂ ਘਰ ਦਾ ਹੁਕਮ ਸੀ। ਚੰਗਾਂ ਵੀ ਹੋਇਆ ਮੈਂ ਚੋਣ ਨਹੀਂ ਲੜੀ।
ਆਪਣੀ ਭਗਵੰਤ ਮਾਨ ਨਾਲ ਪਹਿਲੀ ਮੁਲਾਕਾਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਜਿਹੜੇ ਸੁਭਾ ਦੇ ਮਾਲਕ ਸਨ ਅੱਜ ਵੀ ਉਨ੍ਹਾਂ ਦੇ ਸੁਭਾ ‘ਚ ਉਸੇ ਤਰ੍ਹਾਂ ਦੀ ਹੀ ਹਲੀਮੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜੋ ਅੱਜ ਇੰਨੇ ਵੱਡੇ ਮੁਕਾਮ ‘ਤੇ ਪਹੁੰਚੇ ਹਨ ਇਸ ‘ਚ ਜ਼ਰੂਰ ਪੰਜਾਬ ਲਈ ਕੋਈ ਚੰਗੀ ਗੱਲ ਹੋਵੇਗੀ।