ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਦੁਪਹਿਰ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਰਾਜ ਭਵਨ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜ ਦੇ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਵੀ ਸੀ। ਰਾਜਪਾਲ ਨਾਲ ਮੁੱਖ ਮੰਤਰੀ ਦੀ ਇਸ ਅਚਾਨਕ ਮੁਲਾਕਾਤ ਨੇ ਰਾਜ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਅਟਕਲਾਂ ਨੂੰ ਹੋਰ ਹਵਾ ਦਿੱਤੀ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ, ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਸੰਕੇਤ ਦਿੰਦਿਆਂ ਕਿਹਾ ਸੀ ਕਿ ਉਹ ਛੇਤੀ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਮੰਤਰੀ ਮੰਡਲ ਵਿੱਚ ਫੇਰਬਦਲ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਮੁਹਾਲੀ ਵਿਚ ਨਵੀਂ ਪਲਾਕਸ਼ਾ ’ਵਰਸਿਟੀ ਬਾਰੇ ਛੇਤੀ ਆਰਡੀਨੈਂਸ ਲਿਆ ਸਕਦੀ ਹੈ ਅਤੇ ਇਸ ਆਰਡੀਨੈਂਸ ਨੂੰ ਅੱਜ ਦੀ ਮੀਟਿੰਗ ਦਾ ਕੇਂਦਰ ਬਿੰਦੂ ਦੱਸਿਆ ਜਾ ਰਿਹਾ ਹੈ। ਇਸ ਮਿਲਣੀ ਨੂੰ ਪੰਜਾਬ ਕੈਬਨਿਟ ’ਚ ਫੇਰਬਦਲ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਵਿਧਾਨ ਸਭਾ ਵਿਚ ਪਾਸ ਕੀਤੇ ਜਾ ਚੁੱਕੇ ਅਤੇ ਰਾਜਪਾਲ ਕੋਲ ਪਏ ਤਿੰਨੋਂ ਖੇਤੀ ਸੋਧ ਬਿੱਲਾਂ ਨੂੰ ਲੈ ਕੇ ਵੀ ਕਿਆਫੇ ਲੱਗਦੇ ਰਹੇ।
ਮੁਹਾਲੀ ਦੀ ਪਲਾਕਸ਼ਾ ’ਵਰਸਿਟੀ ਨੂੰ ਮੁੱਖ ਮੰਤਰੀ ਆਪਣਾ ਡਰੀਮ ਪ੍ਰਾਜੈਕਟ ਮੰਨਦੇ ਹਨ ਅਤੇ ਉਹ ਅਗਲੀ ਕੈਬਨਿਟ ਵਿਚ ਇਸ ’ਵਰਸਿਟੀ ਬਾਰੇ ਆਰਡੀਨੈਂਸ ਲਿਆਉਣਾ ਚਾਹੁੰਦੇ ਹਨ। ਮੁਹਾਲੀ ਵਿਚ ਕਰੀਬ 50 ਏਕੜ ਰਕਬੇ ਵਿਚ ਦੋ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇਹ ’ਵਰਸਿਟੀ ਬਣਨੀ ਹੈ ਜੋ ਵਿਸ਼ਵ ਪੱਧਰੀ ਹੋਵੇਗੀ। ਇਸ ’ਵਰਸਿਟੀ ਦਾ ਨੀਂਹ ਪੱਥਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੀ।
ਸੂਤਰਾਂ ਮੁਤਾਬਕ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਬਾਰੇ ਵੀ ਮਨ ਬਣਾ ਲਿਆ ਸੀ ਪ੍ਰੰਤੂ ਮਗਰੋਂ ਇਹ ਫੈਸਲਾ ਬਦਲ ਦਿੱਤਾ ਗਿਆ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਦੇ ਮਸਲੇ ’ਤੇ ਵੀ ਵਿਚਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮੁੱਖ ਮੰਤਰੀ ਨੇ ਰਾਜਪਾਲ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਵੀ ਕੋਈ ਗੱਲ ਨਹੀਂ ਕੀਤੀ। ਮੀਟਿੰਗ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੀਨੀਅਰ ਅਧਿਕਾਰੀ ਤੇਜਵੀਰ ਸਿੰਘ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਾਰੇ ਬਕਾਇਆ ਪਏ ਮਸਲੇ ਰਾਜਪਾਲ ਨਾਲ ਵਿਚਾਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਬ੍ਰਹਮ ਮਹਿੰਦਰਾ ਦਾ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਜਾਣਾ ਇਹ ਵੀ ਸੰਕੇਤ ਦਿੰਦਾ ਹੈ ਕਿ ਕੋਈ ਵਿਧਾਨਿਕ ਮਾਮਲਾ ਹੋ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਵੱਲੋਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਦੀ ਪਹਿਲੀ ਮੀਟਿੰਗ ਦੌਰਾਨ ਮਾਮਲਾ ਹਾਈਕਮਾਨ ਤੱਕ ਪਹੁੰਚ ਗਿਆ ਸੀ। ਹਾਈਕਮਾਨ ਨੇ ਸਿੱਧੂ ਦੀ ਜਨਤਕ ਤੌਰ ‘ਤੇ ਕੈਪਟਨ ਸਰਕਾਰ ਦੇ ਕੰਮਕਾਜ ‘ਤੇ ਉਂਗਲੀਆਂ ਉਠਾਉਣ ਦੀ ਨਿੰਦਾ ਵੀ ਕੀਤੀ ਸੀ। ਇਸ ਦੌਰਾਨ ਜਦੋਂ ਸਿੱਧੂ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਜ਼ਿਲ੍ਹਾ ਪੱਧਰ ‘ਤੇ ਆਪਣੀ ਸੁਲ੍ਹਾ ਮੁਹਿੰਮ ਜਾਰੀ ਰੱਖ ਰਹੇ ਹਨ, ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸੂਬੇ ਵਿੱਚ ਸਿੱਧੂ ਅਤੇ ਕੈਪਟਨ ਖੇਮਿਆਂ ਵਿੱਚ ਵੰਡੀ ਗਈ ਹੈ।
ਹਾਲਾਂਕਿ ਕੈਪਟਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਤੇ ਸਿੱਧੂ ਮਿਲ ਕੇ ਕੰਮ ਕਰਨਗੇ, ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਧੂ ਪਾਰਟੀ ਅਤੇ ਉਹ ਸਰਕਾਰ ਚਲਾ ਰਹੇ ਹਨ। ਦੂਜੇ ਪਾਸੇ, ਜਿਵੇਂ ਹੀ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਅਟਕਲਾਂ ਤੇਜ਼ ਹੋਈਆਂ, ਸੂਬਾ ਕਾਂਗਰਸ ਵਿੱਚ ਹਲਚਲ ਇੱਕ ਵਾਰ ਫਿਰ ਤੇਜ਼ ਹੋ ਗਈ। ਅਜਿਹੇ ਵਿਧਾਇਕ, ਜੋ ਲੰਮੇ ਸਮੇਂ ਤੋਂ ਮੰਤਰੀ ਦੀ ਕੁਰਸੀ ਦੀ ਉਡੀਕ ਕਰ ਰਹੇ ਸੀ, ਆਸਵੰਦ ਹੋ ਗਏ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਉਨ੍ਹਾਂ ਮੰਤਰੀਆਂ ਨੂੰ ਛੱਡ ਸਕਦੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਖਿਲਾਫ ਮੁਹਿੰਮ ਵਿੱਚ ਨਵਜੋਤ ਸਿੱਧੂ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ। ਇਸ ਦੌਰਾਨ ਮੰਤਰੀ ਮੰਡਲ ਦੇ ਵਿਸਥਾਰ ਤੋਂ ਇਲਾਵਾ ਮੁੱਖ ਮੰਤਰੀ ਆਪਣੇ ਬਹੁਤ ਸਾਰੇ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਕਰ ਸਕਦੇ ਹਨ।