ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਦੂਜੀ ਵਾਰ ਲੁਧਿਆਣਾ ਪਹੁੰਚੇ।ਸੀਅੇੱਮ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਬੈਠਕ ਕੀਤੀ।ਬੈਠਕ ‘ਚ ਉਨ੍ਹਾਂ ਨੇ ਸਰਕਾਰੀ ਸਕੂਲਾਂ ‘ਚ ਪੜ੍ਹਾਈ ਦੇ ਸਿਸਟਮ ‘ਚ ਬਦਲਾਅ ਲਿਆਉਣ ‘ਤੇ ਚਰਚਾ ਕੀਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜੇ ਸਾਡਾ ਪੰਜਾਬ ਸਿੱਖਿਆ ਖੇਤਰ ‘ਚ ਬਹੁਤ ਪਿੱਛੇ ਹੈ।ਸਾਨੂੰ ਲੋੜ ਹੈ ਪੰਜਾਬ ਨੂੰ ਡਿਜ਼ੀਟਲ ਸਿੱਖਿਆ ਪੱਧਰ ‘ਤੇ ਲੈ ਜਾਣ ਦੀ।ਸਕੂਲ ਦੀਆਂ ਇਮਾਰਤਾਂ ਬਣਾਉਣ ਜਾਂ ਰੰਗ ਕਰਨ ਨਾਲ ਸਿੱਖਿਆ ਦਾ ਪੱਧਰ ਉੱਚਾ ਨਹੀਂ ਹੋਵੇਗਾ।ਸਾਨੂੰ ਦਿੱਲੀ ਮਾਡਲ ਦੇ ਤਹਿਤ ਸਿੱਖਿਆ ਪ੍ਰਣਾਲੀ ਬਣਾਉਣੀ ਪਵੇਗੀ।ਦਿੱਲੀ ‘ਚ ਇੱਕ ਜ਼ਿਲ੍ਹੇ ‘ਚ 450 ਬੱਚੇ ਨੀਟ ਦੀ ਪ੍ਰੀਖਿਆ ਪਾਸ ਕਰ ਰਹੇ ਹਨ, ਕਿਉਂਕਿ ਉਥੋਂ ਦੀ ਸਿੱਖਿਆ ਪ੍ਰਣਾਲੀ ਮਜ਼ਬੂਤ ਹੈ।
ਵੱਡੇ-ਵੱਡੇ ਅਧਿਕਾਰੀਆਂ ਦੇ ਬੱਚੇ ਸਰਕਾਰੀ ਸਕੂਲ ‘ਚ ਪੜ੍ਹ ਰਹੇ ਹਨ।ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਅਤੇ ਸਰਕਾਰ ਦੇ ਨਾਲ ਮਿਲ ਕੇ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਕਰਨਾ ਪਵੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੀ ਦਲਦਲ ਤੋਂ ਕੱਢ ਕੇ ”ਪੜਦਾ ਪੰਜਾਬ’ ਬਣਾਉਣਾ ਹੈ।ਪੰਜਾਬ ਦੇ ਬੱਚਿਆਂ ‘ਚ ਬਹੁਤ ਟੈਲੇਂਟ ਹੈ, ਪਰ ਪਿਛਲੀਆਂ ਸਰਕਾਰਾਂ ਨੇ ਬੱਚਿਆਂ ‘ਤੇ ਧਿਆਨ ਨਹੀਂ ਦਿੱਤਾ।ਬੱਚੇ ਪੰਜਾਬ ਦਾ ਭਵਿੱਖ ਹਨ।ਸਾਨੂੰ ਵਿਦੇਸ਼ਾਂ ‘ਚ ਜਾ ਰਹੇ ਆਪਣੇ ਯੂਥ ਨੂੰ ਰੋਕਣਾ ਹੈ।ਪੰਜਾਬ ‘ਚ ਰੁਜ਼ਗਾਰ ਪੈਦਾ ਕਰਨਾ ਹੈ।
ਸਾਨੂੰ ਲੋੜ ਹੈ ਦਿੱਲੀ ਵਰਗੇ ਐਜ਼ੂਕੇਸ਼ਨ ਸਿਸਟਮ ਨੂੰ ਅਪਣਾਉਣ ਦੀ।ਪੰਜਾਬ ‘ਚ ਕਈ ਅਜਿਹੇ ਅਧਿਆਪਕ ਵੀ ਹਨ ਜਿਨ੍ਹਾਂ ਨੇ ਸਰਕਾਰ ਦੀ ਮਦਦ ਦੇ ਬਿਨ੍ਹਾਂ ਹੀ ਆਪਣੇ ਇਲਾਕੇ ਦੇ ਸਕੂਲਾਂ ਨੂੰ ਬਿਹਤਰੀਨ ਬਣਾਇਆ ਹੈ।ਸਰਕਾਰ ਨੂੰ ਮਾਣ ਹੈ ਅਜਿਹੇ ਅਧਿਆਪਕਾਂ ‘ਤੇ ਜੋ ਪੰਜਾਬ ਦੇ ਉੱਜਵਲ ਭਵਿੱਖ ‘ਚ ਯੋਗਦਾਨ ਦੇ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਦੇਸ਼ ਦੀ ਸਿੱਖਿਆ ਪ੍ਰਣਾਲੀ ਬਿਹਤਰ ਹੋਵੇਗੀ ਉਸ ਦੇਸ਼ ‘ਚ ਪੰਜਾਬ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ 70 ਤੋਂ 80 ਮੈਂਬਰਾਂ ਦਾ ਗਰੁੱਪ ਬਣਾ ਕੇ ਟ੍ਰੇਨਿੰਗ ਲੈਣ ਅਤੇ ਉੱਥੋਂ ਦੇ ਸਿਸਟਮ ਨੂੰ ਸਮਝਣ ਲਈ ਭੇਜਿਆ ਜਾਵੇਗਾ।ਪੰਜਾਬ ਦੇ ਅਧਿਆਪਕਾਂ ‘ਤੇ ਸਾਨੂੰ ਇੰਨਾ ਵਿਸ਼ਵਾਸ ਹੈ ਕਿ ਉਹ ਪੰਜਾਬ ਦੇ ਬੱਚਿਆਂ ਨੂੰ ਦੇਸ਼ ਦੇ ਟਾਪਰ ਬਣਾਉਣ ਦਾ ਦਮ ਰੱਖਦੇ ਹਨ।ਬੱਚਿਆਂ ਦੀ ਜ਼ਿੰਦਗੀ ‘ਚ ਅਧਿਆਪਕ ਹੀ ਉਸਦਾ ਰੋਲ ਮਾਡਲ ਹੁੰਦਾ।ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਬੱਚਿਆਂ ਦੇ ਬਾਰੇ ਇੰਨਾ ਨਹੀਂ ਪਤਾ ਹੁੰਦਾ ਜਿੰਨਾ ਬੱਚੇ ਦੇ ਅਧਿਆਪਕ ਨੂੰ ਉਸਦੇ ਬਾਰੇ ਪਤਾ ਰਹਿੰਦਾ।