ਸੰਤ ਅਵਤਾਰ ਸਿੰਘ ਸੀਚੇਵਾਲ ਦੀ 34ਵੀ ਬਰਸੀ ਸਮਾਗਮ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ। ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸਰਪ੍ਰਸਤੀ ਹੇਠ ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਭਗੰਵਤ ਮਾਨ ਨੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਇੰਨੀ ਗਰਮੀ ’ਚ ਵੀ ਲੋਕ ਇਥੇ ਵੱਡੀ ਗਿਣਤੀ ’ਚ ਮੌਜੂਦ ਹੋਏ ਹਨ। ਉਨ੍ਹਾਂ ਕਿਹਾ ਕਿ ਇਥੇ ਆ ਕੇ ਬੇਹੱਦ ਖ਼ੁਸ਼ੀ ਹੋਈ ਹੈ। ਇਥੇ ਵਾਤਾਵਰਣ ਪ੍ਰੇਮੀ ਲੋਕ ਰਹਿੰਦੇ ਹਨ, ਕਿਉਂਕਿ ਇਥੇ ਕੁਦਰਤ ਨੂੰ ਬਚਾਇਆ ਗਿਆ ਹੈ। ਇਥੇ ਪਾਣੀ ਨੂੰ ਪਿਤਾ ਦਾ ਦਰਜਾ, ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ।
ਪਿਛਲੀਆਂ ਸਰਕਾਰਾਂ ’ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਸਮੈਕੀਆ, ਬਲੈਕੀਆ ਦਾ ਬਣਾ ਕੇ ਰੱਖ ਦਿੱਤਾ ਹੈ ਪਰ ਅਸੀਂ ਪੰਜਾਬ ਨੂੰ ਦੋਬਾਰਾ ਰੰਗਲਾ ਬਣਾਉਣਾ ਹੈ। ਪੰਜਾਬ ਨੂੰ ਕੋਈ ਕੈਲੀਫੋਨੀਆ, ਲੰਡਨ ਬਣਾਉਣ ਦੀ ਲੋੜ ਨਹੀਂ ਹੈ। ਸਾਡੇ ਕੋਲ ਅਜਿਹਾ ਖਜਾਨਾ ਪਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਪੰਕਤੀ ’ਤੇ ਵੀ ਜੇਕਰ ਗੌਰ ਕਰ ਲਈਏ ਤਾਂ ਸੁਧਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੱਟੜੀ ’ਤੇ ਚੜ੍ਹੇਗੀ ਗੱਡੀ, ਮੇਰੇ ’ਤੇ ਯਕੀਨ ਰੱਖੀਓ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਪੰਜਾਬੀ ਇਥੇ ਹੀ ਰਹਿਣਗੇ। ਪੰਜਾਬ ਦੀ ਪਾਣੀ, ਹਵਾ ਅਤੇ ਮਿੱਟੀ ਨੂੰ ਬਚਾਓ। ਇਥੇ ਧਰਤੀ ’ਤੇ ਰੌਣਕ ਆਵੇਗੀ ਅਤੇ ਗਿੱਦੇ ਪੈਣਗੇ। ਦੇਸ਼ ਲਈ ਅਤੇ ਪੰਜਾਬ ਲਈ ਜਾਨ ਵੀ ਹਾਜ਼ਰ ਹੈ।